Punjab
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਰੋਜ਼ਗਾਰ ਲਈ ਵਿਦਿਆਰਥਣਾਂ ਦਾ ਕੀਤਾ ਮਾਰਗਦਰਸ਼ਨ
ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਗਾਰ ਦੇ ਵੱਖ-ਵੱਖ ਕਿੱਤਿਆਂ, ਸਵੈ-ਰੋਜ਼ਗਾਰ, ਹੁਨਰ ਵਿਕਾਸ ਅਤੇ ਸਾਫ਼ਟ ਸਕਿੱਲ, ਸਰਕਾਰੀ ਨੌਕਰੀਆਂ ਦੀ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਫ਼ਰੀ ਆਨਲਾਈਨ ਕੋਚਿੰਗ ਆਦਿ ਸਬੰਧੀ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿੱਚ ਕਰਵਾਏ ਸੈਮੀਨਾਰ ਦੌਰਾਨ ਵਿਦਿਆਰਥਣਾਂ ਦਾ ਮਾਰਗਦਰਸ਼ਨ ਕੀਤਾ ਗਿਆ। ਇਸ ਵਿੱਚ ਕਾਲਜ ਦੇ ਪਹਿਲੇ ਸਾਲ ਦੇ 67 ਵਿਦਿਆਰਥਣਾਂ ਨੇ ਭਾਗ ਲਿਆ।
ਸੈਮੀਨਾਰ ਦੌਰਾਨ ਵੱਖ-ਵੱਖ ਕਿੱਤਿਆਂ, ਮੈਨੂਅਲ ਰਜਿਸਟ੍ਰੇਸ਼ਨ, ਪੀ.ਜੀ.ਆਰ.ਕਾਮ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣ ਬਾਰੇ ਦੱਸਿਆ ਗਿਆ ਤੇ ਸਵੈ ਰੋਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਜੋ ਆਪਣਾ ਕੰਮ ਖੋਲ੍ਹਣ ਲਈ ਉਨ੍ਹਾਂ ਨੂੰ ਮਾਲੀ ਸਹਾਇਤਾ ਸਬੰਧੀ ਸਕੀਮਾਂ ਦੀ ਜਾਣਕਾਰੀ ਹੋ ਸਕੇ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਦੇ ਡਿਪਟੀ ਸੀ.ਈ.ੳ. ਸੁਖਅਮਨਪ੍ਰੀਤ ਬਾਠ ਵੱਲੋਂ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਵਿਸਥਾਰਪੂਰਵਕ ਜਵਾਬ ਦਿੱਤੇ ਗਏ। ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਫ਼ਰੀ ਆਨਲਾਈਨ ਕੋਚਿੰਗ ਵਾਸਤੇ ਰਜਿਸਟਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਲੜਕੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਮਿਊਨੀਕੇਸ਼ਨ ਸਕਿੱਲ ਅਤੇ ਆਤਮ ਵਿਸ਼ਵਾਸ ਬਾਰੇ ਸੁਝਾਅ ਦਿੱਤੇ ਗਏ। ਉਨ੍ਹਾਂ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਬਿਊਰੋ ਵਿਜ਼ਟ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ।