Punjab
ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ ਲੋਕਾਂ ਦੀਆ ਸਮੱਸਿਆਵਾਂ ਦੇ ਹੱਲ ਲਈ ਨਵੇਂ ਨਿਰਦੇਸ਼ ਜਾਰੀ
ਪਟਿਆਲਾ: ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਅੱਜ ਪਟਿਆਲਾ ਡਵੀਜ਼ਨ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਹਰੇਕ ਜ਼ਿਲ੍ਹੇ ‘ਚ ਸਬੰਧਤ ਖੇਤਰ ਦੇ ਪਟਵਾਰੀ ਦਾ ਨਾਮ, ਮੋਬਾਇਲ ਨੰਬਰ, ਪਟਵਾਰੀ ਦੇ ਬੈਠਣ ਦਾ ਸਥਾਨ ਅਤੇ ਮਿਲਣ ਦਾ ਸਮਾਂ ਸੇਵਾ ਕੇਂਦਰਾਂ ਅਤੇ ਐਸ.ਡੀ.ਐਮ. ਦਫ਼ਤਰਾਂ ਦੇ ਮੇਨ ਗੇਟ ਦੇ ਸਾਹਮਣੇ ਪੰਜਾਬੀ ਭਾਸ਼ਾ ‘ਚ ਬੋਰਡ ‘ਤੇ ਲਿਖਿਆ ਜਾਵੇ, ਤਾਂ ਜੋ ਕੰਮ ਲਈ ਆਉਣ ਵਾਲੇ ਲੋਕਾਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਚੰਦਰ ਗੈਂਦ ਨੇ ਪਟਿਆਲਾ, ਲੁਧਿਆਣਾ, ਸੰਗਰੂਰ, ਮਲੇਰਕੋਟਲਾ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਮਾਲ ਵਿਭਾਗ ਨਾਲ ਸਬੰਧਤ ਕੰਮਾਂ-ਕਾਰਾਂ ਲਈ ਆਉਣ ਵਾਲੇ ਆਮ ਨਾਗਰਿਕਾਂ ਦੀ ਸਹੂਲਤ ਲਈ ਉਨ੍ਹਾਂ ਦਾ ਆਪਣੇ ਖੇਤਰ ਦੇ ਪਟਵਾਰੀ ਨਾਲ ਰਾਬਤਾ ਕਾਇਮ ਕਰਨ ਲਈ ਪਟਵਾਰੀ ਦਾ ਵੇਰਵਾ ਖੇਤਰ ਦੇ ਸੇਵਾ ਕੇਂਦਰ ਅਤੇ ਐਸ.ਡੀ.ਐਮ ਦਫ਼ਤਰ ਦੇ ਮੇਟ ਗੇਟ ‘ਤੇ ਲਗਾਏ ਬੋਰਡ ‘ਤੇ ਦਰਸਾਇਆ ਜਾਵੇ।
ਉਨ੍ਹਾਂ ਕਿਹਾ ਕਿ ਕਈ ਵਾਰ ਪਟਵਾਰੀ ਫੀਲਡ ‘ਚ ਕੰਮ ‘ਤੇ ਗਏ ਹੁੰਦੇ ਹਨ ਤੇ ਦਫ਼ਤਰ ‘ਚ ਕੰਮ ਕਰਵਾਉਣ ਆਏ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਇਸ ਲਈ ਪਟਵਾਰੀਆਂ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ ਨਿਸ਼ਚਿਤ ਸਥਾਨ ‘ਤੇ ਬੈਠਣ ਅਤੇ ਲੋਕਾਂ ਦੇ ਕੰਮ ਨਿਪਟਾਕੇ ਹੀ ਫੀਲਡ ‘ਚ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੇਨ ਗੇਟ ‘ਤੇ ਪਟਵਾਰੀ ਦਾ ਨਾਮ, ਮੋਬਾਇਲ ਨੰਬਰ, ਬੈਠਣ ਦੇ ਸਥਾਨ ਅਤੇ ਮਿਲਣ ਦੇ ਸਮੇਂ ਦੇ ਬੋਰਡ ਦੋ ਦਿਨਾਂ ‘ਚ ਲਗਾਕੇ ਤਾਮੀਲ ਰਿਪੋਰਟ ਡਵੀਜ਼ਨ ਕਮਿਸ਼ਨਰ ਦਫ਼ਤਰ ਨੂੰ ਭੇਜਣ ਦੀ ਹਦਾਇਤ ਵੀ ਜਾਰੀ ਕੀਤੀ।
ਚੰਦਰ ਗੈਂਦ ਨੇ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਜਿਹੜੇ ਲੋਕ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਕਿਸੇ ਵੀ ਸਰਕਾਰੀ ਦਫ਼ਤਰ ਵਿਖੇ ਆਪਣਾ ਕੰਮ-ਕਾਜ ਕਰਵਾਉਣ ਲਈ ਆਉਂਦੇ ਹਨ, ਉਨ੍ਹਾਂ ਨੂੰ ਪੂਰਾ ਮਾਣ-ਆਦਰ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਵਾਜਬ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਣਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਦੀ ਸਹੂਲਤ ਲਈ ਡਵੀਜ਼ਨਲ ਕਮਿਸ਼ਨਰ ਦਫ਼ਤਰ ਵੱਲੋਂ ਸਮੇਂ ਸਮੇਂ ‘ਤੇ ਅਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਆਮ ਨਾਗਰਿਕਾਂ ਦਾ ਬਿਨਾਂ ਕਿਸੇ ਦੇਰੀ ਦੇ ਸਰਕਾਰੀ ਵਿਭਾਗਾਂ ‘ਚ ਕੰਮ ਕੀਤਾ ਜਾਵੇ।
ਫੋਟੋ ਕੈਪਸ਼ਨ-ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ।