Punjab
ਚੰਡੀਗੜ੍ਹ ‘ਚ 4 ਸਤੰਬਰ ਤੋਂ ਡਾਕਟਰਾਂ ਦੀ ਹੜਤਾਲ, ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ
2 ਸਤੰਬਰ 2023 : ਕੇਂਦਰੀ ਤਨਖਾਹ ਸਕੇਲ ਲਾਗੂ ਨਾ ਹੋਣ ਕਾਰਨ ਚੰਡੀਗੜ੍ਹ ਦੇ ਡਾਕਟਰਾਂ ਨੇ ਨਰਾਜ਼ਗੀ ਜਤਾਈ ਹੈ। ਇਸ ਕਾਰਨ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ-32) ਦੇ ਰੈਜ਼ੀਡੈਂਟ ਡਾਕਟਰਾਂ ਨੇ 4 ਸਤੰਬਰ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
ਉੱਥੇ ਹੀ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੜਤਾਲ ‘ਤੇ ਜਾਣ ਤੋਂ ਬਾਅਦ ਹਸਪਤਾਲ ਦੀਆਂ ਸਾਰੀਆਂ ਗੈਰ-ਐਮਰਜੈਂਸੀ ਸੇਵਾਵਾਂ ਬੰਦ ਹੋਣ ਨਾਲ ਓਪੀਡੀ ਅਤੇ ਹੋਰ ਸਿਹਤ ਸਹੂਲਤਾਂ ਪ੍ਰਭਾਵਿਤ ਹੋਣਗੀਆਂ।
ਸਲਾਹਕਾਰ ਸਮੇਤ ਸਿਹਤ ਸਕੱਤਰ ਨੂੰ ਪੱਤਰ ਭੇਜਿਆ ਗਿਆ
ਆਰਡੀਏ ਵੱਲੋਂ ਦੱਸਿਆ ਗਿਆ ਕਿ 21 ਅਗਸਤ ਨੂੰ ਹਸਪਤਾਲ ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਜਸਬਿੰਦਰ ਕੌਰ ਨੂੰ ਪੱਤਰ ਲਿਖ ਕੇ ਰੈਜ਼ੀਡੈਂਟ ਡਾਕਟਰਾਂ ਲਈ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ ਕੀਤੀ ਗਈ। ਇਹ ਪੱਤਰ ਪ੍ਰਸ਼ਾਸਕ ਦੇ ਸਲਾਹਕਾਰ ਅਤੇ ਸਿਹਤ ਸਕੱਤਰ ਨੂੰ ਵੀ ਭੇਜਿਆ ਗਿਆ ਸੀ ਪਰ ਪ੍ਰਸ਼ਾਸਨਿਕ ਅਤੇ ਹਸਪਤਾਲ ਪ੍ਰਬੰਧਨ ਪੱਧਰ ’ਤੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਮਜਬੂਰਨ ਹੜਤਾਲ ਦਾ ਐਲਾਨ ਕਰਨਾ ਪਿਆ ਹੈ।
4 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ
ਰੈਜ਼ੀਡੈਂਟ ਡਾਕਟਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਯੂਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਸੈਂਟਰਲ ਪੇਅ ਸਕੂਲ ਕਰਨ ਲਈ ਕਰੀਬ ਇੱਕ ਸਾਲ ਛੇ ਮਹੀਨੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਹੁਣ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਚੰਡੀਗੜ੍ਹ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਸ ਸਬੰਧੀ ਯੂਟੀ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।