Politics
ਗ਼ਦਰੀ ਯੋਜਨਾ ਦਾ ਫੇਲ੍ਹ ਹੋਣਾ ਤੇ ਸਰਾਭੇ ਦਾ ਆਖਰੀ ਸਮਾਂ
ਗ਼ਦਰ ਪਾਰਟੀ ਦੀ ਯੋਜਨਾ ਫੇਲ੍ਹ ਹੋਣ ਦਾ ਕਾਰਨ ,ਜੱਜ ਅੱਗੇ ਸਰਾਭੇ ਦੇ ਬੋਲ ਅਤੇ ਆਖਰੀ ਇੱਛਾ

16 ਨਵੰਬਰ :ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦਾ ਉੱਘਾ ਸੰਚਾਲਕ ਸੀ। ਉਸਦੀਆਂ ਪੰਜਾਬ ਅਤੇ ਅਮਰੀਕਾ ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਤੋਂ ਹਰ ਕੋਈ ਪ੍ਰਭਾਵਿਤ ਸੀ। ਸਰਾਭਾ ਗਦਰ ਪਾਰਟੀ ਦੇ ਮਹਾਨ ਨਾਇਕਾਂ ਵਿੱਚੋਂ ਇੱਕ ਸੀ। ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਵਿੱਚੋ ਆਪਣੀ ਪੜਾਈ ਪੂਰੀ ਕਰਕੇ ਸਰਾਭਾ ਨੇ ਅਮਰੀਕਾ ਵਿੱਚ ਸੰਨ 1914 ‘ਚ ਗਦਰ ਨਾਮ ਦਾ ਅਖ਼ਬਾਰ ਵੀ ਸ਼ੁਰੂ ਕੀਤਾ ਅਤੇ ਸਾਨ ਫ਼ਰਾਂਸਿਸਕੋ ਨੂੰ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਬਣਾਇਆ ਸੀ। ਗਦਰੀਆਂ ਦੇ ਮੁੱਖ ਲੀਡਰਾਂ ਵਿੱਚ ਲਾਲਾ ਹਰਦਿਆਲ,ਬਾਬਾ ਸੋਹਣ ਸਿੰਘ ਭਕਨਾ,ਹਰਨਾਮ ਸਿੰਘ ਆਦਿ ਨਾਮ ਸ਼ਾਮਿਲ ਸਨ। ਜਿੰਨ੍ਹਾਂ ਦਾ ਮੁੱਖ ਆਦੇਸ਼ ਬੇਗਾਨੇ ਮੁਲਕਾਂ ਵਿੱਚ ਭਾਰਤੀਆਂ ਨੂੰ ਬਣਦਾ ਹੱਕ ਦਵਾਉਣਾ ਅਤੇ ਭਾਰਤ ਨੂੰ ਆਜ਼ਾਦ ਕਰਵਾਉਣਾ। ਜਿਸ ਤਹਿਤ ਵੱਡੀ ਯੋਜਨਾ ਬਣਾਈ ਗਈ।ਸਰਾਭਾ ਨੇ ਜਹਾਜ਼ ਉਡਾਉਣ ਦੀ ਟ੍ਰੇਨਿੰਗ ਵੀ ਹਾਂਸਿਲ ਕੀਤੀ,ਜੋ ਉਸ ਵੇਲੇ ਦੀ ਬਹੁਤ ਵੱਡੀ ਗੱਲ ਹੈ।
ਗ਼ਦਰ ਪਾਰਟੀ ਦੀ ਯੋਜਨਾ ਫੇਲ੍ਹ ਹੋਣ ਦਾ ਕਾਰਨ
ਭਾਰਤ ਵਿੱਚ ਗਦਰ ਮਚਾਉਣ ਲਈ ‘ਗ਼ਦਰ ਪਾਰਟੀ’ ਦੀ ਯੋਜਨਾ 1913 ਵਿੱਚ ਹੀ ਬਣ ਗਈ ਸੀ ਪਰ ਇਸਨੂੰ 21 ਫਰਵਰੀ 1915 ਈ: ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ।ਪੰਜਾਬ,ਭਾਰਤ ਦੇ ਸਾਰੇ ਕ੍ਰਾਂਤੀਕਾਰੀਆਂ ਨੂੰ ਖ਼ਬਰ ਹੋ ਗਈ,ਫੌਜੀ ਛਾਉਣੀਆਂ ਵਿੱਚ ਇਸ ਖ਼ੁਫ਼ੀਆ ਯੋਜਨਾ ਦੀ ਖ਼ਬਰ ਪਹੁੰਚਾ ਦਿੱਤੀ ਗਈ। ਇਹ ਇੱਕ ਵੱਡੀ ਯੋਜਨਾ ਸੀ ਜਿਸਨੇ ਅੰਗਰੇਜ਼ਾਂ ਤੇ ਵੱਡਾ ਵਾਰ ਕਰਨਾ ਸੀ। ਪਰ ਅੰਗਰੇਜ਼ ਹਕੂਮਤ ਆਪਣਾ ਇੱਕ ਝੋਲੀਚੁੱਕ, ਕਿਰਪਾਲ ਸਿੰਘ ਪਾਰਟੀ ਵਿੱਚ ਸ਼ਾਮਿਲ ਕਰ ਦਿੱਤਾ,ਜੋ ਗ਼ਦਰੀਆਂ ਦੀਆਂ ਖਬਰਾਂ ਗੋਰਿਆਂ ਨੂੰ ਦਿੰਦਾ ਰਿਹਾ ਅਤੇ ਐਕਸ਼ਨ ਦੇ ਸਹੀ ਵਕਤ ਤੇ ਕਿਰਪਾਲ ਸਿੰਘ ਨੇ ਕਰਤਾਰ ਸਿੰਘ ਸਰਾਭੇ ਦੀ ਸੂਹ ਦੇ ਦਿੱਤੀ। ਜਿਸ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਜੱਜ ਅੱਗੇ ਸਰਾਭੇ ਦੇ ਬੋਲ ਅਤੇ ਆਖਰੀ ਇੱਛਾ
ਇਸ ਸਾਰੀ ਯੋਜਨਾਬੰਦੀ ਵਿੱਚ ਕਰਤਾਰ ਸਿੰਘ ਸਰਾਭਾ ਨੇ ਮੁੱਖ ਭੂਮਿਕਾ ਨਿਭਾਈ ਸੀ ਅਤੇ ਜਿਸ ਕਰਕੇ ਕੋਰਟ ਦੇ ਜੱਜਾਂ ਨੇ ਸਰਾਭੇ ਬਾਰੇ ਸੱਤ ਪੰਨਿਆਂ ਦਾ ਫ਼ੈਸਲਾ ਲਿਖਿਆ ਸੀ ਜਿਸ ਵਿੱਚ ਉਸ ਨੂੰ ਸਭ ਤੋਂ ਵੱਧ ‘ਖ਼ਤਰਨਾਕ’ ਦੱਸਿਆ ਗਿਆ ਸੀ।ਜਿਸ ਕਰਕੇ ਉਸਨੂੰ ਫਾਂਸੀ ਦੀ ਸਜ਼ਾ ਦੇਣੀ ਸੀ ਪਰ ਸਰਾਭੇ ਦੇ ਚਿਹਰੇ ਤੇ ਮੌਤ ਤੇ ਫਾਂਸੀ ਦਾ ਕੋਈ ਡਰ ਨਹੀਂ ਸੀ,ਉਸਦੇ ਚਿਹਰੇ ਤੇ ਖੁਸ਼ੀ ਸੀ,ਉਸਨੇ ਜੱਜ ਨੂੰ ਕਿਹਾ ‘ਮੈਨੂੰ ਜਲਦੀ-ਜਲਦੀ ਫਾਂਸੀ ਲਾ ਦਿਓ ਤਾਂ ਜੋ ਮੈਂ ਫਿਰ ਤੋਂ ਜਨਮ ਲੈ ਕੇ ਆਪਣਾ ਕੰਮ ਫਿਰ ਉੱਥੋਂ ਸ਼ੁਰੂ ਕਰਾਂ,ਜਿੱਥੋਂ ਛੱਡਿਆ ਹੈ’। ਕਿਹਾ ਜਾਂਦਾ ਹੈ ਕਿ ਕਰਤਾਰ ਸਿੰਘ ਸਰਾਭਾ ਦੀ ਆਖਰੀ ਇੱਛਾ ਸੀ ਕਿ ਮਰਨ ਦੇ ਬਾਅਦ ਉਸਨੂੰ ਸ਼ਹੀਦ ਨਾ ਕਿਹਾ ਜਾਵੇ ਸਗੋ ਬਾਗੀ ਕਿਹਾ ਜਾਵੇ।ਆਖਿਰ 16 ਨਵੰਬਰ 1915 ਨੂੰ ਇਸ ਛੋਟੀ ਜਿਹੀ ਉਮਰ ਦੇ ਨੌਜਵਾਨ,ਯੋਧੇ,ਸੂਰਮੇ,ਗਦਰੀ,ਕ੍ਰਾਂਤੀਕਾਰੀ ਅਤੇ ਬਾਗੀ ਸਰਾਭੇ ਨੂੰ ਉਸਦੇ ਸਾਥੀਆਂ ਸਮੇਤ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ।
Continue Reading