Punjab
ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਦਰਮਿਆਨ ਚੱਲ ਰਹੇ ਵਿਵਾਦ ਕਾਰਨ ਨਿਆਇਕ ਢਾਂਚੇ ਦਾ ਹੋ ਰਿਹਾ ਨੁਕਸਾਨ : ਪ੍ਰੋ. ਬਡੂੰਗਰ
ਪਟਿਆਲਾ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਮਾਨਯੋਗ ਸੁਪਰੀਮ ਕੋਰਟ ਦਰਮਿਆਨ ਜੱਜ ਸਾਹਿਬਾਨ ਦੀਆਂ ਨਿਯੁਕਤੀਆਂ ਸਬੰਧੀ ਚੱਲ ਰਹੇ ਵਿਵਾਦ ਕਾਰਨ ਨਿਆਇਕ ਢਾਂਚੇ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦਾ ਸੰਵਿਧਾਨ ਦੇਸ਼ ਜੁਡੀਸ਼ੀਅਲ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਹੈ, ਜੇਕਰ ਸਰਕਾਰ ਜੁਡੀਸ਼ੀਅਲ ਤੇ ਜਿਆਦਤੀ ਕਰੇਗੀ ਤਾਂ ਇਨਸਾਫ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ 1947 ਤੋਂ ਕੁਲਿਜੀਅਮ ਸਿਸਟਮ ਇੰਨ-ਬਿੰਨ ਕਾਇਮ ਰਹਿਣਾ ਚਾਹੀਦਾ ਹੈ ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ ਪ੍ਰੋ. ਬਡੂੰਗਰ ਨੇ ਮੌਜੂਦਾ ਹਲਾਤਾਂ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਸਰਕਾਰ ਦਰਮਿਆਨ ਚੱਲ ਰਿਹਾ ਟਕਰਾਅ ਸੂਬੇ ਲਈ ਮੰਦਭਾਗਾ ਅਤੇ ਨੁਕਸਾਨ ਦਾਇਕ ਸਿੱਧ ਹੋ ਰਿਹਾ ਹੈ ਤੇ ਇਸ ਦਾ ਲਾਹਾ ਕੁਝ ਮਾੜੇ ਅਨਸਰਾਂ ਵੱਲੋਂ ਉਠਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਪੰਜਾਬ ਸਰਕਾਰ ਨਾਲ ਕੋਈ ਟਕਰਾਅ ਨਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਵਿੱਚ ਅੱਜ-ਕੱਲ੍ਹ ਸਭ ਸਾਖੀ ਅੱਛਾ ਨਹੀਂ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵੰਤ ਸਿੰਘ ਧੰਗੇੜਾ ਮੈਨੇਜਰ, ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਬਾਗੜੀਆਂ, ਗੁਰਇਕਬਾਲ ਸਿੰਘ ਸਹਾਇਕ ਰਿਕਾਰਡ ਕੀਪਰ, ਬੇਅੰਤ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜਰ ਸਨ।