Punjab
ਕੀਮਤੀ ਜਾਨਾਂ ਬਚਾਉਣ ਲਈ ਐਕਸੀਡੈਂਟ ਬਲੈਕ ਸਪੌਟਸ ਨੂੰ ਤਰਜੀਹੀ ਤੌਰ `ਤੇ ਠੀਕ ਕਰੋ- ਰਾਜਾ ਵੜਿੰਗ
ਚੰਡੀਗੜ੍ਹ, ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯਾਤਰੀਆਂ ਲਈ ਸੜਕਾਂ ਨੂੰ ਸਭ ਤੋਂ ਸੁਰੱਖਿਅਤ ਬਣਾਉਣ ਸਬੰਧੀ ਸੂਬੇ ਦੇ ਮਿਸ਼ਨ ਦੀ ਨਿਸ਼ਾਨਦੇਹੀ ਕਰਦਿਆਂ ਸਬੰਧਤ ਇੰਜਨੀਅਰਿੰਗ ਵਿਭਾਗਾਂ ਨੂੰ ਸਾਰੇ ਸ਼ਨਾਖਤ ਕੀਤੇ ਐਕਸੀਡੈਂਟ ਬਲੈਕ ਸਪੌਟਾਂ (ਜਿਹੜੀਆਂ ਥਾਵਾਂ ਉਤੇ ਜ਼ਿਆਦਾ ਹਾਦਸੇ ਵਾਪਰਦੇ ਹਨ) ਨੂੰ ਤਰਜੀਹੀ ਤੌਰ ਤੇ ਠੀਕ ਕਰਨ ਦੀ ਹਦਾਇਤ ਕੀਤੀ। ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ (ਪੀ.ਐਸ.ਆਰ.ਐਸ.ਸੀ.) ਦੀ 11ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜਾ ਵੜਿੰਗ ਨੇ ਵਿੱਤ ਵਿਭਾਗ ਨੂੰ ਰਾਜ ਮਾਰਗਾਂ ਦੇ ਬਲੈਕ ਸਪਾਟਾਂ ਨੂੰ ਠੀਕ ਕਰਨ ਦੀ ਪ੍ਰਕਿਰਿਆ ਵਿੱਚ ਲੱਗੇ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ ਅਤੇ ਪੰਜਾਬ ਮੰਡੀ ਬੋਰਡ ਦੀ ਮੰਗ
ਤੇ ਲੋੜੀਂਦੇ ਫੰਡ ਸਮੇਂ ਸਿਰ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਆਪਣੇ ਹਾਈਵੇਅ, ਮਿਊਂਸੀਪਲ ਅਤੇ ਹੋਰ ਲਿੰਕ ਸੜਕਾਂ ਤੇ ਪੈਂਦੇ 71 ਬਲੈਕ ਸਪੌਟਸ ਨੂੰ ਠੀਕ ਕਰਨ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ, ਜਦੋਂ ਕਿ ਬਾਕੀ ਬਚੇ 56 ਬਲੈਕ ਸਪੌਟਸ
ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਟਰੈਫਿਕ ਇਨਫੋਰਸਮੈਂਟ ਆਟੋਮੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਵਿੱਚ ਕੈਬਨਿਟ ਮੰਤਰੀ ਨੇ ਸੂਬੇ ਵਿੱਚ ਸੜਕ ਸੁਰੱਖਿਆ ਪ੍ਰਣਾਲੀਆਂ ਨੂੰ ਸਥਾਪਤ ਕਰਨ ਵਿੱਚ ਸਹਾਇਤਾ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਵੱਲੋਂ ਟਰਾਂਜੈਕਸ਼ਨਲ ਸਲਾਹਕਾਰ ਅਤੇ ਇਕ ਹੋਰ ਸਲਾਹਕਾਰ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ।
ਰਾਜਾ ਵੜਿੰਗ ਨੇ ਕਿਹਾ ਕਿ ਸੜਕ ਸੁਰੱਖਿਆ ਉਪਕਰਨਾਂ ਦੀ ਖ਼ਰੀਦ ਅਤੇ ਸੜਕ ਸੁਰੱਖਿਆ ਪ੍ਰਣਾਲੀਆਂ ਦੀ ਸਥਾਪਨਾ ਮੇਰੀ ਤਰਜੀਹ ਹੈ। ਉਨ੍ਹਾਂ ਅੱਗੇ ਕਿਹਾ ਕਿ ਸੜਕਾਂ ਤੇ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਅਸੀਂ ਇਸ ਮੰਤਵ ਦੀ ਪੂਰਤੀ ਲਈ ਯਤਨਸ਼ੀਲ ਹਾਂ। ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਬਕਾਇਆ ਸੁਧਾਰ ਕਾਰਜਾਂ ਲਈ ਫੰਡ ਅਲਾਟਮੈਂਟ ਲਈ ਜਲਦ ਤੋਂ ਜਲਦ ਸੋਧਿਆ ਪ੍ਰਸਤਾਵ ਪੇਸ਼ ਕਰਨ ਲਈ ਵੀ ਕਿਹਾ। ਧੁੰਦ ਕਾਰਨ ਵਾਪਰਦੇ ਸੜਕ ਹਾਦਸਿਆਂ
ਤੇ ਚਿੰਤਾ ਜ਼ਾਹਰ ਕਰਦਿਆਂ ਰਾਜਾ ਵੜਿੰਗ ਨੇ ਏ.ਡੀ.ਜੀ.ਪੀ. ਟਰੈਫਿਕ ਨੂੰ ਤੂੜੀ, ਲੱਕੜ ਅਤੇ ਰਾਡਾਂ ਨਾਲ ਟਰਾਲੀਆਂ ਨੂੰ ਓਵਰਲੋਡ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪੁਲਿਸ ਨੂੰ ਕਿਹਾ ਕਿ ਉਹ ਜਨਤਕ ਹਿੱਤਾਂ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਯੋਗਿਕ ਆਗੂਆਂ ਦੀ ਮਦਦ ਲੈਣ ਲਈ ਵੀ ਕਿਹਾ। ਉਨ੍ਹਾਂ ਵਿਭਾਗ ਨੂੰ ਟਰਾਂਸਪੋਰਟ ਵਾਹਨਾਂ `ਤੇ ਰਿਫਲੈਕਟਰ ਲਾਉਣ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਵੀ ਕਿਹਾ।
ਮੰਤਰੀ ਨੇ ਵਿਭਾਗ ਨੂੰ ਸੂਬੇ ਭਰ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਟਰੈਫਿਕ ਸਿੰਗਨਲ ਲਗਾਉਣ ਦੇ ਨਿਰਦੇਸ਼ ਦਿੱਤੇ। ਸੜਕ ਸੁਰੱਖਿਆ ਵਿਵਹਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਕ ਨਿਰੰਤਰ ਮੀਡੀਆ ਮੁਹਿੰਮ ਦੀ ਲੋੜ `ਤੇ ਜ਼ੋਰ ਦਿੰਦਿਆਂ ਰਾਜਾ ਵੜਿੰਗ ਨੇ ਪੀ.ਐਸ.ਆਰ.ਐਸ.ਸੀ. ਨੂੰ ਪੰਜਾਬ ਦੀਆਂ ਸੜਕਾਂ ਨੂੰ ਸਭ ਤੋਂ ਸੁਰੱਖਿਅਤ ਬਣਾਉਣ ਦੇ ਉਦੇਸ਼ ਵੱਲ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਆਡੀਓ, ਵੀਡੀਓ ਅਤੇ ਸੋਸ਼ਲ ਮੀਡੀਆ ਸਮੱਗਰੀ ਤਿਆਰ ਕਰਨ ਲਈ ਲੋਕ ਸੰਪਰਕ ਵਿਭਾਗ ਨਾਲ ਤਾਲਮੇਲ ਕਰਨ ਲਈ ਕਿਹਾ।