Connect with us

Punjab

ਸ਼੍ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਨਾਲ ਰੂ-ਬ-ਰੂ ਸਮਾਗਮ ਦਾ ਆਯੋਜਨ

Published

on

ਪਟਿਆਲਾ: ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਅੱਜ ਭਾਸ਼ਾ ਭਵਨ ਦੇ ਲੈਕਚਰ ਹਾਲ ਵਿਚ ਸ਼੍ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਕਿਰਪਾਲ ਕਜ਼ਾਕ ਨੇ ਕੀਤੀ। ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਡਾ. ਮੋਹਨ ਤਿਆਗੀ ਵਜੋਂ ਸ਼ਾਮਲ ਹੋਏ।
ਸਮਾਗਮ ’ਚ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ, ਸਾਹਿਤਕਾਰਾਂ ਅਤੇ ਹੋਰ ਪਤਵੰਤਿਆਂ ਨੂੰ ”ਜੀ ਆਇਆਂ” ਆਖਿਆ। ਸਮਾਗਮ ਵਿਚ ਦਰਸ਼ਨ ਬੁੱਟਰ ਨੇ ਆਪਣੇ ਭਾਸ਼ਣ ਦੌਰਾਨ ਆਪਣੀ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਬੜੀ ਸੰਜੀਦਗੀ ਨਾਲ ਬਿਆਨ ਕੀਤਾ ਅਤੇ ਆਪਣੀਆਂ ਰਚਨਾਵਾਂ ਬਾਰੇ ਖੁੱਲ ਕੇ ਚਰਚਾ ਕੀਤੀ। ਡਾ. ਮੋਹਨ ਤਿਆਗੀ ਨੇ ਆਪਣੇ ਭਾਸ਼ਣ ਵਿਚ ਡਾ. ਦਰਸ਼ਨ ਬੁੱਟਰ ਦੇ ਬਹੁਤ ਸਾਰੇ ਪੱਖ ਸਾਹਮਣੇ ਲਿਆਂਦੇ ਅਤੇ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਪ੍ਰਧਾਨਗੀ ਭਾਸ਼ਣ ਵਿਚ ਡਾ. ਕਿਰਪਾਲ ਕਜ਼ਾਕ ਨੇ ਕਿਹਾ ਕਿ ਅਜਿਹੇ ਰੂ-ਬ-ਰੂ ਸਮਾਗਮ ਲਗਾਤਾਰ ਚਲਦੇ ਰਹਿਣੇ ਚਾਹੀਦੇ ਹਨ ਤਾਂ ਜੋ ਲੇਖਕ ਦੀਆਂ ਅੰਦਰਲੀਆਂ ਪਰਤਾਂ ਨੂੰ ਬਾਰ-ਬਾਰ ਖੋਲ ਕੇ ਉਸ ਦੇ ਡੂੰਘੇ ਖਿਆਲਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾ ਸਕੇ।
ਵਿਭਾਗ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਆਏ ਹੋਏ ਸਾਰੇ ਸਾਹਿਤਕਾਰਾਂ, ਮੀਡੀਆ ਦਾ ਧੰਨਵਾਦ ਕਰਦਿਆਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।

ਸਮਾਗਮ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਤੇਜਿੰਦਰ ਸਿੰਘ ਗਿੱਲ ਵੱਲੋਂ ਬਾਖ਼ੂਬੀ ਨਿਭਾਈ ਗਈ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਲਕਸ਼ਮੀ ਨਰਾਇਨ ਭੀਖੀ, ਅਮਰਜੀਤ ਵੜੈਚ, ਰਣਜੀਤ ਕੌਰ, ਕੁਲਵੰਤ ਸਿੰਘ ਨਾਰੀਕੇ, ਗੁਰਚਰਨ ਪੱਬਾਰਾਲੀ, ਜੋਗਾ ਸਿੰਘ ਧਨੌਲਾ, ਪਰਵੀਨ ਕੁਮਾਰ, ਆਲੋਕ ਚਾਵਲਾ, ਸਤਨਾਮ ਸਿੰਘ, ਜਸਪ੍ਰੀਤ ਕੌਰ, ਸੰਤੋਖ ਸਿੰਘ ਸੁੱਖੀ, ਸਤਪਾਲ ਚਹਿਲ, ਸੁਖਦਰਸ਼ਨ ਚਹਿਲ, ਨਵਨੀਤ ਕੌਰ, ਸੁਰੇਸ਼ ਕੁਮਾਰ, ਬਿਕਰਮ ਕੁਮਾਰ ਅਤੇ ਬਹੁਤ ਸਾਰੇ ਹੋਰ ਸਾਹਿਤਕਾਰ ਸ਼ਾਮਲ ਹੋਏ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।