Corona Virus
ਕੋਰੋਨਾ ਦਾ ਕਹਿਰ, ਵਿਦੇਸ਼ ਬੈਠੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਸਤਾ ਰਹੀ ਹੈ ਉਹਨਾਂ ਦੀ ਚਿੰਤਾ
ਜਲੰਧਰ, ਪਰਮਜੀਤ, 12 ਅਪ੍ਰੈਲ : ਪੰਜਾਬ ਦਾ ਦੋਆਬਾ ਖੇਤਰ ਉਨ੍ਹਾਂ ਲੋਕਾਂ ਅਤੇ ਵਿਦਿਆਰਥੀਆਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਜੋ ਵਿਦੇਸ਼ ਪੜ੍ਹਨ ਅਤੇ ਕੰਮ ਕਰਨ ਗਏ ਹਨ।
ਇੱਥੇ ਲੱਖਾਂ ਹੀ ਬੱਚੇ ਹਨ ਜੋ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਨਾਲ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਓਜ਼ੀਲੈਂਡ ਵਰਗੇ ਦੇਸ਼ਾਂ ਵਿਚ ਪੜ੍ਹਨ ਗਏ ਹਨ ।
ਇਹ ਸਾਰੇ ਬੱਚੇ ਇੱਥੇ ਲੌਕਡਾਊਨ ਕਾਰਨ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਉਹ ਹਰ ਰੋਜ਼ ਆਪਣੇ ਮਾਪਿਆਂ ਨਾਲ ਇਨ੍ਹਾਂ ਸਥਿੱਤੀਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ ।
ਜਲੰਧਰ ਦੇ ਰਾਜਾ ਗਾਰਡਨ ਦੇ ਵਸਨੀਕ ਗੁਰਦੀਪ ਸਿੰਘ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ 6 ਬੱਚੇ ਵਿਦੇਸ਼ ਗਏ ਹੋਏ ਹਨ । ਗੁਰਦੀਪ ਸਿੰਘ ਦੇ ਦੋ ਬੱਚੇ ਅਤੇ ਉਸਦੇ ਚਾਰ ਰਿਸ਼ਤੇਦਾਰ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਪੜ੍ਹਨ ਲਈ ਗਏ ਹੋਏ ਹਨ।
ਇਹ ਸਾਰੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਪੜ੍ਹਾਈ ਅਤੇ ਨੌਕਰੀਆਂ ਕੈਨੇਡਾ ਵਿਚ ਕਰ ਰਹੇ ਸਨ, ਪਰ ਹੁਣ ਬੱਚੇ ਲੌਕਡਾਊਨ ਕਾਰਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਬੱਚਿਆਂ ਦਾ ਕਹਿਣਾ ਹੈ ਕਿ ਜੇ ਜਿਆਦਾ ਸਮੇਂ ਲਈ ਸਥਿੱਤੀ ਇਹੋ ਰਹੀ ਤਾਂ ਉਨ੍ਹਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਅੱਜ ਦੀ ਸਥਿੱਤੀ ਵਿੱਚ ਇਹ ਲੋਕ ਪੰਜਾਬ ਤੋਂ ਪੈਸੇ ਵੀ ਨਹੀਂ ਮੰਗਵਾ ਸਕਦੇ।
ਦੂਜੇ ਪਾਸੇ, ਜਦ ਅਸੀਂ ਪੰਜਾਬ ਵਿਚ ਬੈਠੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੋਰੋਨਾ ਆਉਣ ਤੋਂ ਪਹਿਲਾਂ ਸਭ ਕੁਝ ਠੀਕ ਸੀ, ਪਰ ਹੁਣ ਜਦੋਂ ਉਹ ਬੱਚਿਆਂ ਨਾਲ ਗੱਲਬਾਤ ਕਰਦੇ ਹਨ ਤਾਂ ਬੱਚੇ ਉਨ੍ਹਾਂ ਨੂੰ ਸਾਰੀਆਂ ਸਮੱਸਿਆਵਾਂ ਦੱਸਦੇ ਹਨ। ਸਥਿੱਤੀ ਇਹ ਹੈ ਕਿ ਉਹ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ।
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਬੱਚੇ ਅੱਜ ਤਾਂ ਗੁਜ਼ਾਰਾ ਕਰ ਰਹੇ ਹਨ, ਪਰ ਆਉਣ ਵਾਲੇ ਸਮੇਂ ਵਿੱਚ, ਜਦੋਂ ਉਨ੍ਹਾਂ ਦੇ ਪੈਸੇ ਖ਼ਤਮ ਹੋ ਜਾਣਗੇ, ਉਨ੍ਹਾਂ ਲਈ ਇਹ ਹੋਰ ਮੁਸ਼ਕਿਲ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਸਹੂਲਤ ਕੈਨੇਡੀਅਨ ਨਾਗਿਰਕਾਂ ਨੂੰ ਮਿਲੀ ਰਹੀ ਹੈ ਉਹ ਸਹੂਲਤ ਵਿਦਿਆਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ ।