Punjab
ਇਮਰਾਨ ਸਰਕਾਰ ਦੀ ਵਿਦਾਈ ਤੈਅ! ਸਹਿਯੋਗੀ MQM ਨੇ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਵਿਰੋਧੀ ਪਾਰਟੀ ਨਾਲ ਹੱਥ ਮਿਲਾਇਆ

ਇਸਲਾਮਾਬਾਦ। ਪਾਕਿਸਤਾਨ ‘ਚ ਇਮਰਾਨ ਖਾਨ ਦੀ ਸਰਕਾਰ ‘ਤੇ ਸੰਕਟ ਦੇ ਬੱਦਲ ਗੂੜ੍ਹੇ ਹੋ ਗਏ ਹਨ। ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੂੰ ਵੱਡਾ ਝਟਕਾ ਲੱਗਾ ਹੈ। ਪੀਟੀਆਈ ਦੀ ਸਹਿਯੋਗੀ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐੱਮਕਿਊਐੱਮਪੀ) ਨੇ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਹੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। MQM ਨੇ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ (PPP) ਨਾਲ ਜਾਣ ਦਾ ਫੈਸਲਾ ਕੀਤਾ ਹੈ। MQM ਦੇ ਪੀਟੀਆਈ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦਾ ਵਿਦਾਇਗੀ ਯਕੀਨੀ ਮੰਨਿਆ ਜਾ ਰਿਹਾ ਹੈ।
MQM ਵੱਲੋਂ PTI ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ PPP ਪ੍ਰਧਾਨ ਬਿਲਾਵਲ ਭੁੱਟੋ ਨੇ ਇੱਕ ਟਵੀਟ ਕੀਤਾ ਹੈ। ਭੁੱਟੋ ਨੇ ਟਵੀਟ ਕੀਤਾ, “ਸੰਯੁਕਤ ਵਿਰੋਧੀ ਧਿਰ ਅਤੇ MQM ਵਿਚਕਾਰ ਸਮਝੌਤਾ ਹੋ ਗਿਆ ਹੈ। ਰਾਬਤਾ ਕਮੇਟੀ MQM ਅਤੇ PPP CEC ਸਮਝੌਤਿਆਂ ਦੀ ਪੁਸ਼ਟੀ ਕਰੇਗੀ। ਉਸ ਤੋਂ ਬਾਅਦ ਭਲਕੇ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਪਾਕਿਸਤਾਨ ਨੂੰ ਵਧਾਈ।
ਐਮਕਿਊਐਮ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਪੀਟੀਆਈ ਸਰਕਾਰ ਹੇਠਲੇ ਸਦਨ ਵਿੱਚ ਬਹੁਮਤ ਗੁਆ ਚੁੱਕੀ ਹੈ। ਹੁਣ ਸਦਨ ਵਿੱਚ ਪੀਟੀਆਈ ਪੱਖੀ ਸੰਸਦ ਮੈਂਬਰਾਂ ਦੀ ਗਿਣਤੀ ਘੱਟ ਕੇ 164 ਰਹਿ ਗਈ ਹੈ। ਜਦੋਂ ਕਿ ਸੰਯੁਕਤ ਵਿਰੋਧੀ ਧਿਰ ਦੇ 177 ਮੈਂਬਰ ਹਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ 342 ਹੈ। ਬਹੁਮਤ ਲਈ 172 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ‘ਤੇ ਬਹਿਸ 31 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ 3 ਅਪ੍ਰੈਲ ਨੂੰ ਵੋਟਿੰਗ ਹੋਵੇਗੀ।