Punjab
ਐਫ.ਸੀ.ਆਈ ਦੇ ਸੀ.ਐਮ.ਡੀ ਆਤਿਸ਼ ਚੰਦਰਾ ਨੇ ਰਾਜਪੁਰਾ ‘ਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਪਟਿਆਲਾ/ਰਾਜਪੁਰਾ: ਭਾਰਤੀਯ ਖੁਰਾਕ ਨਿਗਮ (ਐਫ.ਸੀ.ਆਈ.) ਦੇ ਚੇਅਰਮੈਨ -ਕਮ- ਮੈਨੇਜਿੰਗ ਡਾਇਰੈਕਟਰ ਆਤਿਸ਼ ਚੰਦਰਾ ਵੱਲੋਂ ਅੱਜ ਰਾਜਪੁਰਾ ਅਨਾਜ ਮੰਡੀ, ਢੀਂਡਸਾ ਪਿੰਡ ਤੇ ਐਫ.ਸੀ.ਆਈ ਦੇ ਰਾਜਪੁਰਾ ਗੁਦਾਮ ਦਾ ਦੌਰਾ ਕੀਤਾ ਗਿਆ ਅਤੇ ਮੌਜੂਦ ਹਾੜੀ ਸੀਜ਼ਨ ਦੌਰਾਨ ਕਣਕ ਦੇ ਖਰੀਦ ਪ੍ਰਬੰਧਾ ਸਮੇਤ ਉਨ੍ਹਾਂ ਵੱਲੋਂ ਕਣਕ ਦੀ ਸਟੋਰੇਜ ਸਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਕੱਤਰ ਖੁਰਾਕ ਦੇ ਸਿਵਲ ਸਪਲਾਈ ਗੁਰਕੀਰਤ ਕਿਰਪਾਲ ਸਿੰਘ, ਐਫ.ਸੀ.ਆਈ ਦੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਹਿਮੰਤ ਕੁਮਾਰ ਜੈਨ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਰਾਜਪੁਰਾ ਅਨਾਜ ਮੰਡੀ ‘ਚ ਪੁੱਜੇ ਆਤਿਸ਼ ਚੰਦਰਾ ਨੇ ਪੰਜਾਬ ਸਰਕਾਰ ਵੱਲੋਂ ਜਿਣਸ ਦੀ ਪਾਰਦਰਸ਼ੀ ਖਰੀਦ ਲਈ ਵਰਤੀ ਜਾ ਰਹੀ ਅਨਾਜ ਖਰੀਦ ਪੋਰਟਲ ਤਕਨੀਕ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਦਿਆ ਕਿਹਾ ਕਿ ਅਜਿਹੀ ਤਕਨੀਕ ਨਾਲ ਜਿਥੇ ਪਾਰਦਰਸ਼ਤਾ ਆਉਦੀ ਹੈ, ਉਥੇ ਹੀ ਕਿਸਾਨਾਂ ਨੂੰ ਵੀ ਲਾਭ ਪ੍ਰਾਪਤ ਹੁੰਦਾ ਹੈ। ਇਸ ਮੌਕੇ ਗੁਰਕੀਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਜ਼ਮੀਨ ਦਾ ਸਮੁੱਚ ਰਿਕਾਰਡ ਆਨ ਲਾਈਨ ਕੀਤਾ ਜਾ ਚੁੱਕਾ ਹੈ ਤੇ ਹਰੇਕ ਵਿਅਕਤੀ ਆਪਣੇ ਘਰ ਬੈਠੇ ਹੀ ਜ਼ਮੀਨ ਦੀ ਮਾਲਕੀ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਤੇ ਇਹ ਰਿਕਾਰਡ ਸਮੇਂ ਸਮੇਂ ‘ਤੇ ਅਪਡੇਟ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਨਾਜ ਪੋਰਟਲ ‘ਤੇ ਜਮੀਨ ਦੀ ਮਾਲਕੀ ਦੇ ਹਿਸਾਬ ਨਾਲ ਹੀ ਪੈਦਾਵਾਰ ਨੂੰ ਵਾਚਿਆ ਜਾਂਦਾ ਹੈ ਜਿਸ ਨਾਲ ਹੋਰਨਾਂ ਸਥਾਨਾਂ ਤੋਂ ਆਈ ਜਿਣਸ ਸਬੰਧੀ ਪਤਾ ਲਗਾਇਆ ਜਾ ਸਕਦਾ ਹੈ।
ਸੀ.ਐਮ.ਡੀ. ਆਤਿਸ਼ ਗੁਪਤਾ ਵੱਲੋਂ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ। ਇਸ ਉਪਰੰਤ ਸੀ.ਐਮ.ਡੀ ਵੱਲੋਂ ਪਿੰਡ ਢੀਂਡਸਾ ਦਾ ਦੌਰਾ ਕਰਕੇ ਕਣਕ ਦੀ ਕਟਾਈ ਲਈ ਵਰਤੀ ਜਾਂਦੀ ਤਕਨੀਕ ਸਬੰਧੀ ਜਾਣਕਾਰੀ ਪ੍ਰਾਪਤੀ ਕੀਤੀ ਗਈ ਅਤੇ ਕਿਸਾਨਾਂ ਵੱਲੋਂ ਖੇਤੀ ਲਈ ਵਰਤੀਆਂ ਜਾ ਰਹੀਆਂ ਅਤਿਆਧੁਨਿਕ ਮਸ਼ੀਨਾਂ ਦੀ ਵਰਤੋਂ ‘ਤੇ ਸੰਤੁਸ਼ਟੀ ਜਾਹਰ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਵਰਤੀ ਜਾਂਦੀ ਮਸ਼ੀਨਰੀ ਸਦਕਾ ਹੀ ਜਿਥੇ ਝਾੜ ਚੰਗਾ ਹੁੰਦਾ ਹੈ, ਉਥੇ ਕੁਆਲਟੀ ਪੱਖੋਂ ਵੀ ਫਸਲ ਉਚ ਦਰਜੇ ਦੀ ਹੁੰਦੀ ਹੈ।
ਆਪਣੇ ਦੌਰੇ ਦੌਰਾਨ ਉਨ੍ਹਾਂ ਐਫ.ਸੀ.ਆਈ ਦੇ ਰਾਜਪੁਰਾ ਗੋਦਾਮ ਦਾ ਨਿਰੀਖਣ ਕੀਤਾ ਤੇ ਗੋਦਾਮ ‘ਚ ਭੰਡਾਰ ਕੀਤੇ ਹੋਏ ਚੋਲਾ ਦੀ ਕੁਆਲਟੀ ਨੂੰ ਬਰਕਰਾਰ ਰੱਖਣ ਲਈ ਵਰਤੀ ਜਾਂਦੀ ਤਕਨੀਕ ਤੇ ਸਟੋਰੇਜ ਪ੍ਰਬੰਧਾਂ ਦਾ ਵੀ ਜਾਇਜ਼ਾ ਲੈਦਿਆ ਉਨ੍ਹਾਂ ਗੋਦਾਮ ਦੀ ਸਮੇਂ ਸਮੇਂ ‘ਤੇ ਲੋੜੀਦੀ ਰਿਪੇਅਰ ਕਰਵਾਉਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਐਸ.ਡੀ.ਐਮ ਰਾਜਪੁਰਾ ਡਾ. ਸੰਜੀਵ ਕੁਮਾਰ, ਡੀ.ਐਫ.ਐਸ.ਸੀ. ਗੁਰਪ੍ਰੀਤ ਸਿੰਘ ਕੰਗ, ਡੀ.ਐਮ.ਓ ਅਜੈਪਾਲ ਸਿੰਘ ਸਮੇਤ ਐਫ.ਸੀ.ਆਈ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।