Delhi
WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ‘ਚ ਹੋਏ ਪੇਸ਼
ਦਿੱਲੀ 16ਸਤੰਬਰ 2023: ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਖਿਲਾਫ 6 ਬਾਲਗ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਸੁਣਵਾਈ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ‘ਚ ਸ਼ੁਰੂ ਹੋ ਗਈ ਹੈ। ਬ੍ਰਿਜ ਭੂਸ਼ਣ ਸ਼ਰਨ ਵੀ ਅਦਾਲਤ ਪਹੁੰਚ ਗਏ ਹਨ। ਪਿਛਲੀ ਤਰੀਕ ‘ਤੇ ਅਦਾਲਤ ਨੇ ਸੁਣਵਾਈ 15 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਸੀ।
ਇਸ ਤੋਂ ਪਹਿਲਾਂ ਇਸ ਕੇਸ ਵਿੱਚ 20 ਜੁਲਾਈ ਨੂੰ ਬ੍ਰਿਜਭੂਸ਼ਣ ਸ਼ਰਨ ਸਿੰਘ ਅਤੇ ਮੁਅੱਤਲ WFI ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਜ਼ਮਾਨਤ ਦੇ ਦਿੱਤੀ ਸੀ।
ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਅਤੇ ਹੋਰ ਮਸ਼ਹੂਰ ਪਹਿਲਵਾਨਾਂ ਨੇ ਇਸ ਸਾਲ ਜਨਵਰੀ ਵਿਚ ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਦਿੱਲੀ ਦੇ ਜੰਤਰ-ਮੰਤਰ ‘ਤੇ ਕਈ ਦਿਨਾਂ ਤੱਕ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਿੱਲੀ ਪੁਲੀਸ ਨੇ ਬ੍ਰਿਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ।