Health
ਚਮੜੀ ਤੋਂ ਲੈ ਕੇ ਪੇਟ ਦੀ ਪਰੇਸ਼ਾਨੀ ਅਮਰੂਦ ਦੇ ਪੱਤਿਆਂ ਤੋਂ ਹੋ ਸਕਦੀ ਹੈ ਦੂਰ

ਸੁਆਦ ਤੇ ਸਿਹਤ ਨਾਲ ਭਰਪੂਰ ਅਮਰੂਦ ਖਾਣਾ ਸਾਡੇ ਲਈ ਕਾਫ਼ੀ ਫ਼ਾਇਦੇਮੰਦ ਹੈ। ਅਮਰੂਦ ਹੀ ਨਹੀਂ, ਸਗੋਂ ਇਸ ਦੇ ਪੱਤਿਆਂ ’ਚ ਕਈ ਗੁਣ ਲੁਕੇ ਹੁੰਦੇ ਹਨ। ਖ਼ਾਲੀ ਪੇਟ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਪੇਟ ਸਬੰਧੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਅਮਰੂਦ ਦੇ ਪੱਤਿਆਂ ’ਚ ਐਂਟੀ-ਬੈਕਟੀਰੀਅਲ, ਐਂਟੀਆਕਸੀਡੈਂਟ ਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜੋ ਕਈ ਬਿਮਾਰੀਆਂ ਨੂੰ ਦੂਰ ਕਰਨ ’ਚ ਸਹਾਇਕ ਹੋ ਸਕਦੇ ਹਨ। ਸ਼ੂਗਰ ਰੋਗੀਆਂ ਨੂੰ ਅਮਰੂਦ ਦੇ ਪੱਤਿਆਂ ਨਾਲ ਤਿਆਰ ਕਾੜ੍ਹਾ ਪੀਣਾ ਚਾਹੀਦਾ ਹੈ, ਇਹ ਉਨ੍ਹਾਂ ਲਈ ਕਾਫ਼ੀ ਜ਼ਿਆਦਾ ਫ਼ਾਇਦੇਮੰਦ ਹੋ ਸਕਦਾ ਹੈ।
ਅਮਰੂਦ ਦਾ ਕਾੜ੍ਹਾ ਬਣਾਉਣ ਲਈ ਇਕ ਭਾਂਡੇ ’ਚ 2 ਗਲਾਸ ਪਾਣੀ ਲਵੋ। ਇਸ ’ਚ 4-5 ਪੱਤੇ ਅਮਰੂਦ ਦੇ ਪੱਤੇ ਪਾਓ। ਹੁਣ ਇਸ ਨੂੰ ਗੈਸ ’ਤੇ ਚੰਗੀ ਤਰ੍ਹਾਂ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਗੈਸ ਨੂੰ ਬੰਦ ਕਰ ਦਿਉ। ਪਾਣੀ ਨੂੰ ਠੰਢਾ ਹੋਣ ਦਿਉ। ਠੰਢਾ ਹੋਣ ਤੋਂ ਬਾਅਦ ਪਾਣੀ ਨੂੰ ਛਾਣ ਕੇ ਪੀਓ। ਇਸ ਨਾਲ ਸ਼ੂਗਰ ਦੀ ਪਰੇਸ਼ਾਨੀ ਕੰਟਰੋਲ ’ਚ ਰਹੇਗੀ। ਅਮਰੂਦ ਦੇ ਪੱਤਿਆਂ ਦੇ ਸੇਵਨ ਨਾਲ ਚਮੜੀ ਦੀ ਪਰੇਸ਼ਾਨੀ ਦੂਰ ਹੋ ਸਕਦੀ ਹੈ। ਕਿੱਲ-ਮੁਹਾਂਸਿਆਂ ਦੀ ਹੋਰ ਪਰੇਸ਼ਾਨੀ ਤੋਂ ਰਾਹਤ ਪਾਉਣ ਲਈ ਤੁਸੀਂ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰੋ। ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਚਮੜੀ ’ਤੇ ਲਗਾਓ। ਕੁਝ ਦਿਨਾਂ ਤਕ ਇਸ ਨੂੰ ਆਪਣੀ ਚਮੜੀ ’ਤੇ ਲਗਾਉਣ ਨਾਲ ਕਿੱਲ-ਮੁਹਾਂਸਿਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇੰਨਾ ਹੀ ਨਹੀਂ ਇਹ ਤੁਹਾਡੇ ਬਲੈਕਹੈੱਡ ਨੂੰ ਵੀ ਦੂਰ ਕਰ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਵੀ ਅਮਰੂਦ ਦੇ ਪੱਤੇ ਕਾਫ਼ੀ ਫ਼ਾਇਦੇਮੰਦ ਹੋ ਸਕਦੇ ਹਨ। ਇਸ ਲਈ ਖ਼ਾਲੀ ਪੇਟ ਅਮਰੂਦ ਦਾ ਕਾੜ੍ਹਾ ਪੀਓ। ਇਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕਾਫ਼ੀ ਹੱਦ ਤਕ ਕੰਟਰੋਲ ’ਚ ਰਹੇਗਾ। ਸ਼ੂਗਰ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕਦੀ ਹੈ। ਅਮਰੂਦ ਦੇ ਪੱਤਿਆਂ ਨਾਲ ਬਣਿਆ ਕਾੜ੍ਹਾ ਪੀਣ ਨਾਲ ਸ਼ੂਗਰ ਕੰਟੋਰਲ ’ਚ ਰਹੇਗੀ। ਦਰਅਸਲ ਅਮਰੂਦ ਦੇ ਪੱਤੇ ਇਸੁਲਿਨ ਭਰਪੂਰ ਹੁੰਦੇ ਹਨ, ਜੋ ਤੁਹਾਡੇ ਸਰੀਰ ’ਚ ਗਲੂਕੋਜ਼ ਨੂੰ ਕੰਟਰੋਲ ਕਰਦਾ ਹੈ। ਅਮਰੂਦ ਦੇ ਕਾੜ੍ਹੇ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਨਿਜਾਤ ਮਿਲੇਗੀ। ਜੇ ਤੁਸੀਂ ਕਾੜ੍ਹਾ ਨਹੀਂ ਪੀਣਾ ਚਾਹੁੰਦੇ ਤਾਂ ਇਸ ਦੇ ਪੱਤੇ ਚਬਾ ਕੇ ਖਾਓ। ਇਸ ਨਾਲ ਵੀ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।