Punjab
ਗਿ. HARPREET SINGH ਹੋਣਗੇ ਨਵੇਂ ਅਕਾਲੀ ਦਲ ਦੇ ਪ੍ਰਧਾਨ !
ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਵੱਲੋਂ ਗਿਆਰਾਂ ਅਗਸਤ ਨੂੰ ਨਵੇਂ ਅਕਾਲੀ ਦਲ ਦਾ ਐਲਾਨ ਕੀਤਾ ਜਾਵੇਗਾ। ਅੰਦਰੁਨੀ ਸੂਤਰਾਂ ਦਾ ਕਹਿਣਾ ਹੈ ਨਵੇਂ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਹੋਣਗੇ। ਪਹਿਲਾਂ ਪ੍ਰਧਾਨਗੀ ਲਈ ਕਈ ਸ਼ਖਸ਼ੀਅਤਾਂ ਦੇ ਨਾਮ ਲਏ ਜਾ ਰਹੇ ਸਨ ਜਿਨ੍ਹਾਂ ਵਿੱਚ ਸ. ਸੁਰਜੀਤ ਸਿੰਘ ਰੱਖੜਾ, ਮਨਪ੍ਰੀਤ ਸਿੰਘ ਇਯਾਲੀ ਅਤੇ ਬੀਬੀ ਸਤਵੰਤ ਕੌਰ ਦੇ ਨਾਮ ਪ੍ਰਮੁੱਖਤਾ ਨਾਲ ਲਏ ਜਾ ਰਹੇ ਸਨ। ਪਿਛਲੇ ਦਿਨੀਂ ਇਹ ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ ਸਨ ਕਿ ਨਵੇਂ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹ ਰੇੜਕਾ ਮੁੱਕ ਚੁੱਕਾ ਹੈ ਅਤੇ ਪ੍ਰਧਾਨਗੀ ਲਈ ਸਹਿਮਤੀ ਬਣ ਚੁੱਕੀ ਹੈ। ਨਵੇਂ ਬਣਨ ਜਾ ਰਹੇ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਮੁਤਾਬਕ ਇਸ ਨਵੇਂ ਅਕਾਲੀ ਦਲ ਦੇ ਜੋ ਨਿਯਮ ਬਣਾਏ ਜਾ ਰਹੇ ਹਨ ਉਨ੍ਹਾਂ ਅਨੁਸਾਰ ਇੱਕ ਵਿਅਕਤੀ ਇੱਕ ਆਹੁਦੇ ਦਾ ਫਾਰਮੂਲਾ ਲਾਗੂ ਕੀਤਾ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਜਿਹੜਾ ਆਗੂ ਪਾਰਟੀ ਦਾ ਪ੍ਰਧਾਨ ਬਣੇਗਾ ਉਹ ਚੋਣ ਨਹੀਂ ਲੜ ਸਕੇਗਾ। ਸੁਧਾਰ ਲਹਿਰ ਦੇ ਪ੍ਰਮੁੱਖ ਆਗੂ ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਯਾਲੀ, ਸੰਤਾ ਸਿੰਘ ਉਮੈਦਪੁਰੀ, ਬੀਬੀ ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ , ਪਰਮਿੰਦਰ ਸਿੰਘ ਢੀਂਡਸਾ ਇਨ੍ਹਾਂ ਸਾਰਿਆਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਭ ਚੋਣ ਲੜਨ ਦੇ ਚਾਹਵਾਨ ਹਨ। ਗਿਆਨੀ ਹਰਪ੍ਰੀਤ ਸਿੰਘ ਬਾਰੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਚੋਣ ਲੜਨ ਦੀ ਇੱਛਾ ਨਹੀਂ ਰੱਖਦੇ ਪਰ ਸਿੱਖ ਸੰਗਤ ਵਿੱਚ ਉਨ੍ਹਾਂ ਦੀ ਸ਼ਾਖ ਬਹੁਤ ਅੱਛੀ ਤੇ ਸਤਿਕਾਰ ਵਾਲੀ ਹੈ ਇਸਦੇ ਨਾਲ ਹੀ ਉਹ ਸੁਧਾਰ ਲਹਿਰ ਦੇ ਲੀਡਰਾਂ ਵਿੱਚ ਵੀ ਸਰਵ ਪ੍ਰਵਾਨਿਤ ਹਨ। ਇਸ ਕਰਕੇ ਸੁਧਾਰ ਲਹਿਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੀਂ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਜਨਮ ਗਿੱਦੜਬਾਹਾ ਵਿਖੇ 1972 ਵਿੱਚ ਇੱਕ ਦਲਿਤ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਇੱਕ ਗ੍ਰੰਥੀ ਸਨ। ਗਿਆਨੀ ਜੀ ਨੇ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤੋਂ ਗੁਰਮਤਿ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਧਾਰਮਿਕ ਅਧਿਐਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ।
1997 ਵਿੱਚ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇੱਕ ਪ੍ਰਚਾਰਕ ਵਜੋਂ ਜੁੜੇ ਅਤੇ ਬਾਅਦ ਵਿਚ ਮੁੱਖ ਗ੍ਰੰਥੀ ਬਣ ਗਏ। ਇਨ੍ਹਾਂ ਨੂੰ 2017 ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਗਿਆ। ਅਕਤੂਬਰ 2018 ਤੋਂ 2023 ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ।2023 ਵਿੱਚ ਇਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਹੁਦੇ ਤੋਂ ਹਟਾ ਦਿੱਤਾ ਗਿਆ ਪਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣੇ ਰਹੇ। ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਵੱਡੇ ਅਕਾਲੀ ਆਗੂ ਤਲਬ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਬਰਗਾੜੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਤਨਖ਼ਾਹ ਲਗਾਈ ਗਈ। ਇਸ ਦਿਨ ਦੇ ਫੈਸਲਿਆਂ ਵਿੱਚ ਇੱਕ ਅਹਿਮ ਫੈਸਲਾ ਇਹ ਵੀ ਸੁਣਾਇਆ ਗਿਆ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫ਼ਖ਼ਰ ਏ ਕੌਮ ਦਾ ਐਵਾਰਡ ਵਾਪਸ ਲਿਆ ਜਾਂਦਾ ਹੈ। ਇਸ ਦਿਨ ਸੁਣਾਏ ਫੈਸਲਿਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸਭ ਤੋਂ ਵੱਧ ਸਰਗਰਮੀ ਦਿਖਾਈ ਸੀ।
ਸੁਖਬੀਰ ਸਿੰਘ ਬਾਦਲ ਨੇ ਲਗਾਈ ਗਈ ਸੇਵਾ ਤਾਂ ਪੂਰੀ ਕੀਤੀ ਪਰ ਸੂਤਰਾਂ ਦੇ ਕਹਿਣ ਮੁਤਾਬਕ ਸੁਖਬੀਰ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਬਕ ਸਿਖਾਉਣ ਦੀ ਠਾਣ ਲਈ ਸੀ। ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ‘ਤੇ ਚਰਿੱਤਰਹੀਣਤਾ ਦੇ ਦੋਸ਼ਾਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਜ਼ਬਰੀ ਸੇਵਾ ਮੁਕਤ ਕਰ ਦਿੱਤਾ। ਇਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਖੁੱਲ੍ਹ ਕੇ ਬਾਗ਼ੀ ਅਕਾਲੀਆਂ ਨਾਲ ਜੁੜ ਗਏ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਨਾਲ ਅਕਾਲੀ ਦਲ ਦੀ ਭਰਤੀ ਵਿੱਚ ਜੁਟ ਗਏ। ਹੁਣ ਪੰਜ ਮੈਂਬਰੀ ਕਮੇਟੀ ਨੇ ਭਰਤੀ ਮੁਕੰਮਲ ਕਰ ਲਈ ਹੈ ਅਤੇ 11 ਅਗਸਤ ਨੂੰ ਨਵੇਂ ਅਕਾਲੀ ਦਲ ਦਾ ਐਲਾਨ ਕੀਤਾ ਜਾਵੇਗਾ ਅਤੇ ਇਸ ਗੱਲ ਦੀ ਪੂਰੀ ਸੰਭਾਵਨਾਂ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੀਂ ਪਾਰਟੀ ਦੇ ਪ੍ਰਧਾਨ ਬਣਾਇਆ ਜਾਵੇਗਾ। ਆਸ ਕਰਦੇ ਹਾਂ ਕਿ ਨਵਾਂ ਅਕਾਲੀ ਦਲ ਨਵੀਆਂ ਪੈੜਾਂ ਪਾਉਂਦਾ ਨਵੀਂ ਸੋਚ ਨਾਲ ਅੱਗੇ ਵਧੇਗਾ।

ਕੁਲਵੰਤ ਸਿੰਘ ਗੱਗੜਪੁਰੀ
