Punjab
ਪੁਲਿਸ ਤੇ ਨਿਆਂਇਕ ਵਿਭਾਗਾਂ ‘ਚ ਨੌਕਰੀਆਂ ਦਿਵਾਉਣ ਦੇ ਨਾਂਅ ‘ਤੇ ਠੱਗੀ ਮਾਰਨ ਵਾਲਾ ਗਿਰੋਹ ਕਾਬੂ
17 ਦਸੰਬਰ 2023: ਫ਼ਰੀਦਕੋਟ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਇਕ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਭੋਲੇ ਭਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਿਸ ਅਤੇ ਨਿਆਂਇਕ ਵਿਭਾਗਾਂ ਵਿਚ ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ‘ਤੇ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਪੁਲਿਸ ਨੇ ਗ੍ਰਿਫ਼ਤਾਰ ਵਿਅਕਤੀਆਂ ਤੋਂ ਵੱਖ-ਵੱਖ ਅਧਿਕਾਰੀਆਂ ਦੇ 500 ਫ਼ਰਜ਼ੀ ਲੈਟਰ ਪੈਡ,ਡੀ.ਸੀ.,ਐਸ.ਐਸ.ਪੀ. ਅਤੇ ਨਿਆਂਇਕ ਵਿਭਾਗ ਦੇ ਅਧਿਕਾਰੀਆਂ ਦੀਆਂ ਫ਼ਰਜ਼ੀ 23 ਮੋਹਰਾਂ, ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਅਸਲ ਸਰਟੀਫਿਕੇਟ ਅਤੇ 100 ਅਸ਼ਟਾਮ ਬਰਾਮਦ ਕੀਤੇ ਹਨ।
ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੋਹ ਦਾ ਸਰਗਣਾ ਜਗਪਾਲ ਸਿੰਘ ਨਾਂਅ ਦਾ ਸ਼ਖ਼ਸ ਹੈ, ਜੋ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਦਾ ਰਹਿਣ ਵਾਲਾ ਹੈ ਤੇ ਇਹ ਆਪਣੇ ਤਿੰਨ ਹੋਰ ਸਾਥੀਆਂ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ, ਨਾਲ ਮਿਲ ਕੇ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਆਦਿ ਜ਼ਿਲ੍ਹਿਆਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਿਸ ਅਤੇ ਨਿਆਂਇਕ ਵਿਭਾਗ ਵਿਚ ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ‘ਤੇ ਹੁਣ ਤੱਕ ਲੱਖਾਂ ਰੁਪਏ ਡਕਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਨ੍ਹਾਂ ਖ਼ਿਲਾਫ਼ ਇਕ ਸ਼ਿਕਾਇਤ ਮਿਲੀ ਸੀ,ਜਿਸ ਦੀ ਪੜਤਾਲ ਦੌਰਾਨ ਕਾਫ਼ੀ ਖੁਲਾਸੇ ਹੋਏ ਅਤੇ ਜਗਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਉਕਤ ਬਰਾਮਦਗੀ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ 18 ਦਸੰਬਰ ਤੱਕ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਡੀ.ਐਸ.ਪੀ. ਵਰਿਆਮ ਸਿੰਘ ਅਤੇ ਪੰਜਗਰਾਈਂ ਚੌਕੀ ਦੇ ਇੰਚਾਰਜ ਗੁਰਬਖਸ਼ ਸਿੰਘ ਏਐਸਏ ਵੀ ਹਾਜ਼ਰ ਸਨ।