Connect with us

Punjab

ਅੱਜ ਗੈਂਗਸਟਰ ‘ਜੈਪਾਲ ਭੁੱਲਰ’ ਦਾ ਹੋਵੇਗਾ ਸੰਸਕਾਰ, ਜਾਣੋ ਪੋਸਟਮਾਰਟਮ ਰਿਪੋਰਟ ‘ਚ ਕੀ ਹੋਇਆ ਖੁਲਾਸਾ

Published

on

jaipal bhullar postmortem

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਗੈਂਗਸਟਰ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਪੀ. ਜੀ. ਆਈ. ‘ਚ  ਗਠਿਤ ਕੀਤੇ ਗਏ ਡਾਕਟਰੀ ਬੋਰਡ ਦੀ ਦੇਖ-ਰੇਖ ਵਿਚ ਹੋ ਗਿਆ ਹੈ, ਜਿਸ ਦੀ ਰਿਪੋਰਟ ਪੀ. ਜੀ. ਆਈ. ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਕੀਤੀ ਜਾਵੇਗੀ। ਹਾਈਕੋਰਟ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਜੈਪਾਲ ਦੀ ਲਾਸ਼ ਲੈ ਕੇ ਉਸ ਦੇ ਪਰਿਵਾਰ ਵਾਲੇ ਤੇ ਵਕੀਲ ਪੀ. ਜੀ. ਆਈ. ਦੀ ਮੋਰਚਰੀ ਵਿਚ ਪੁੱਜੇ ਅਤੇ ਪੋਸਟਮਾਰਟਮ ਪ੍ਰਕਿਰਿਆ ਪੂਰੀ ਹੋਣ ਤੱਕ ਉੱਥੇ ਹੀ ਮੌਜੂਦ ਰਹੇ, ਜਿਨ੍ਹਾਂ ਨੂੰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸੌਂਪ ਦਿੱਤੀ ਗਈ ਹੈ। ਪਰਿਵਾਰ ਅਨੁਸਾਰ ਬੁੱਧਵਾਰ ਨੂੰ ਦੁਪਹਿਰ 2 ਵਜੇ ਫਿਰੋਜ਼ਪੁਰ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜੈਪਾਲ ਦੇ ਪਿਤਾ ਨੇ ਹਾਈਕੋਰਟ ਵਿਚ ਪਟੀਸ਼ਨ ਦਰਜ ਕੀਤੀ ਸੀ ਅਤੇ ਸ਼ੱਕ ਜਤਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਪਹਿਲਾਂ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ ਅਤੇ ਉਸ ਦੇ ਸਰੀਰ ’ਤੇ ਕਈ ਜਖ਼ਮਾਂ ਦੇ ਵੀ ਨਿਸ਼ਾਨ ਸਨ। ਮੌਤ ਤੋਂ ਬਾਅਦ ਪੁਲਿਸ ਨੇ ਖ਼ੁਦ ਨੂੰ ਬਚਾਉਣ ਲਈ ਐਨਕਾਊਂਟਰ ਮੀਡੀਆ ਦੇ ਸਾਹਮਣੇ ਦਿਖਾਇਆ ਹੈ। ਇਸ ਨੂੰ ਲੈ ਕੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੁਬਾਰਾ ਪੋਸਟਮਾਰਟਮ ਦੀ ਮਨਜ਼ੂਰੀ ਦਿੱਤੀ ਸੀ।

ਜੈਪਾਲ ਭੁੱਲਰ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਕਲਕੱਤਾ ਪੁਲਿਸ ਨੇ ਨਾ ਉਨ੍ਹਾਂ ਨੂੰ ਲਾਸ਼ ਵਿਖਾਈ ਅਤੇ ਨਾ ਹੀ ਪੋਸਟਮਾਰਟਮ ਰਿਪੋਰਟ ਦਿੱਤੀ। ਐੱਫ਼. ਆਈ. ਆਰ. ਵੀ ਨਹੀਂ ਦਿੱਤੀ। ਸਿਰਫ਼ ਲਾਸ਼ ਪੈਕ ਕਰਕੇ ਸਿੱਧਾ ਏਅਰਪੋਰਟ ਭੇਜ ਦਿੱਤੀ ਸੀ, ਇਸ ਲਈ ਉਨ੍ਹਾਂ ਨੇ ਦੁਬਾਰਾ ਪੋਸਟਮਾਰਟਮ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ। ਪੰਜਾਬ ਪੁਲਿਸ ਨੂੰ ਜਗਰਾਓਂ ਦੀ ਅਨਾਜ ਮੰਡੀ ਵਿਚ ਹੋਏ 2 ਏ. ਐੱਸ. ਆਈਜ਼ ਦੇ ਕਤਲ ਮਾਮਲੇ ਵਿਚ ਜੈਪਾਲ ਭੁੱਲਰ ਤੇ ਜੱਸੀ ਖਰੜ ਦੀ ਭਾਲ ਸੀ। ਜੈਪਾਲ ਭੁੱਲਰ ਦੇ ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਜੇਕਰ ਪੀ. ਜੀ. ਆਈ. ਦੀ ਪੋਸਟਮਾਰਟਮ ਰਿਪੋਰਟ ਕੋਲਕਾਤਾ ਦੀ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੋਈ ਤਾਂ ਉਹ ਕੋਲਕਾਤਾ ਹਾਈਕੋਰਟ ਵਿਚ ਐਨਕਾਊਂਟਰ ਨੂੰ ਲੈ ਕੇ ਪਟੀਸ਼ਨ ਦਾਖ਼ਲ ਕਰਨਗੇ।