Corona Virus
ਸਿੰਗਲਾ ਨੇ ਕੀਤੀਆਂ ਲੋਕ ਹਿੱਤ ਵਿੱਚ ਬਦਲੀਆਂ,ਸਭ ਤੋਂ ਜ਼ਿਆਦਾ ਆਪਣੇ ਜ਼ਿਲ੍ਹੇ ਵਿੱਚ (World Punjabi Exclusive)

ਚੰਡੀਗੜ੍ਹ,16 ਅਪ੍ਰੈਲ ,(ਬਲਜੀਤ ਮਰਵਾਹਾ ) ਕੋਵਿਡ 19 ਨੂੰ ਲੈ ਕੇ ਜਿੱਥੇ ਪੰਜਾਬ ਦੇ ਸਕੂਲਾਂ ਵਿੱਚ ਸਮੇਂ ਤੋਂ ਪਹਿਲਾਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਸਕੂਲਾਂ ਦੀਆ ਇਮਾਰਤਾਂ ਨੂੰ ਹੁਣ ਇਸ ਬਿਮਾਰੀ ਤੋਂ ਬਚਾਅ ਲਈ ਇਕਾਂਤਵਾਸ ਵਜੋਂ ਵਰਤਣ ਦੀਆ ਤਿਆਰੀਆਂ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਕਰਵਾ ਰਹੇ ਹਨ।ਪਰ ਇਸਦੇ ਨਾਲ ਹੀ ਉਹਨਾਂ ਨੂੰ ਲੋਕ ਹਿੱਤ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਵੀ ਪੂਰੀ ਫਿਕਰ ਹੈ। ਜਿਸ ਕਰਕੇ ਉਹਨਾਂ ਵਲੋਂ ਹਾਲ ਹੀ ਵਿੱਚ ਸੂਬੇ ਦੇ 86 ਅਧਿਆਪਕਾਂ ਅਤੇ ਡੇਢ ਦਰਜਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਪ੍ਰਿੰਸੀਪਲ ਬਦਲੇ ਗਏ ਹਨ। 13 ਅਪ੍ਰੈਲ ਨੂੰ ਸਿੱਖਿਆ ਵਿਭਾਗ ਵਲੋਂ ਜੋ ਹੁਕਮ ਇਸ ਬਾਬਤ ਜਾਰੀ ਕੀਤੇ ਗਏ ਹਨ , ਉਹਨਾਂ ਵਿੱਚ ਸਾਫ ਤੋਰ ਤੇ ਇਹ ਲਿਖਿਆ ਗਿਆ ਹੈ ਕਿ ਇਹ ਬਦਲੀਆਂ ਸਿੱਖਿਆ ਮੰਤਰੀ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ।

ਵਰਲਡ ਪੰਜਾਬੀ ਕੋਲ ਮੌਜੂਦ ਇਹਨਾਂ ਸੂਚੀਆਂ ਮੁਤਾਬਿਕ 86 ਅਧਿਆਪਕਾਂ ਵਿੱਚੋ ਸਭ ਤੋਂ ਵਾਧੂ 10 ਅਧਿਆਪਕ ਸਿੰਗਲਾ ਦੇ ਆਪਣੇ ਜ਼ਿਲ੍ਹੇ ਵਿੱਚੋ ਹਨ । ਇਸ ਤੋਂ ਬਾਅਦ 8 ਅਧਿਆਪਕ ਮੁੱਖ ਮੰਤਰੀ ਪੰਜਾਬ ਦੇ ਜ਼ਿਲ੍ਹੇ ਪਟਿਆਲਾ ਤੋਂ ਹਨ ।ਇਸੇ ਤਰਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਪ੍ਰਿੰਸੀਪਲ ਦੀਆ ਬਦਲੀਆਂ ਵਿੱਚ ਸਭ ਤੋਂ ਜ਼ਿਆਦਾ 3 ਸਿੰਗਲਾ ਦੇ ਜ਼ਿਲ੍ਹੇ ਦੀਆਂ ਹੀ ਹਨ ਅਤੇ 1 ਮੁੱਖ ਮੰਤਰੀ ਦੇ ਇਲਾਕੇ ਵਿੱਚੋ ਹੈ। ਬਾਕੀ ਦੀ ਗਿਣਤੀ ਪੂਰੇ ਪੰਜਾਬ ਦੀ ਹੈ। ਇਹਨਾਂ ਸੂਚੀਆਂ ਵਿੱਚ ਕਈ ਲੋਕ ਹਿੱਤ ਅਤੇ ਵਿਦਿਆਰਥੀਆਂ ਦੀ ਫਿਕਰ ਵਾਲੇ ਜ਼ਿਲ੍ਹੇ ਸ਼ਾਇਦ ਵਿਭਾਗ ਨੂੰ ਨਜ਼ਰ ਨਹੀਂ ਆਏ। ਯਾ ਇਸ ਤਰਾਂ ਕਿਹਾ ਜਾਵੇ ਕਿ ਇਹਨਾਂ 2 ਜ਼ਿਲਿਆਂ ਵਿੱਚ ਹੀ ਲੋਕ ਹਿੱਤ ਤੇ ਵਿਦਿਆਰਥੀਆਂ ਦੀ ਫਿਕਰ ਕਰਨ ਦੀ ਸਭ ਤੋਂ ਜ਼ਿਆਦਾ ਲੋੜ ਹੈ।