Punjab
ਗੁਰਦਾਸਪੁਰ : ਭੈਣੀ ਖਾਦਰ ਦੇ ਫ਼ੌਜੀ ਜਵਾਨ ਦੀ ਹਾਦਸੇ ਕਾਰਨ ਮੌਤ
13 ਜਨਵਰੀ 2024: ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਹਲਕੇ ਦੇ ਬੇਟ ਖੇਤਰ ਦੇ ਪਿੰਡ ਭੈਣੀ ਖਾਦਰ ਦੇ ਇੱਕ ਫ਼ੌਜੀ ਨੌਜਵਾਨ ਦੀ ਗਸ਼ਤ ਕਰਦੇ ਸਮੇਂ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੌਜੀ ਜਵਾਨ ਦੇ ਪਿਤਾ ਨਰਿੰਦਰ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਭੈਣੀ ਖਾਦਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ (24) ਫ਼ੀਲਡ 73 ਰਜਮੈਂਟ 18 ਆਰ. ਆਰ. ਵਿੱਚ ਪਿਛਲੇ 6 ਸਾਲ ਤੋਂ ਸੇਵਾ ਨਿਭਾ ਰਿਹਾ ਸੀ। ਜੋ ਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਮੂਲਾ ਵਿਖੇ ਤਾਇਨਾਤ ਸੀ। ਬੀਤੇ ਦਿਨ ਗੁਰਪ੍ਰੀਤ ਸਿੰਘ ਫ਼ੌਜੀ ਟੁਕੜੀ ਸਮੇਤ ਗੁਲਮਰਗ ਵਿਖੇ ਪਹਾੜੀ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ। ਪਰ ਇਸ ਦੌਰਾਨ ਉਸ ਦਾ ਪੈਰ ਤਲਕਣ ਕਾਰਨ ਉਹ ਇੱਕ ਡੂੰਘੀ ਖੱਡ ਵਿੱਚ ਜਾ ਡਿੱਗਾ। ਇਸ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਬੀਤੀ ਸ਼ਾਮ ਉਨ੍ਹਾਂ ਨੂੰ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਫ਼ੋਨ ਰਾਹੀਂ ਇਸ ਸਬੰਧੀ ਸੂਚਿਤ ਕੀਤਾ। ਕੱਲ ਸਵੇਰੇ 13 ਜਨਵਰੀ ਨੂੰ ਉਸ ਦੀ ਮ੍ਰਿਤਕ ਦੇਹ ਗੁਲਮਰਗ ਤੋਂ ਵਾਪਸ ਭੈਣੀ ਖਾਦਰ ਵਿਖੇ ਪਹੁੰਚਣ ਬਾਅਦ ਉਸ ਦਾ ਫ਼ੌਜੀ ਸਨਾਮਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ਉੱਤੇ ਭਾਰਤੀ ਸੈਨਾ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।