Punjab
ਦਿੱਲੀ, ਉੱਤਰ ਪ੍ਰਦੇਸ਼ ਸਣੇ ਕਈ ਸੂਬਿਆਂ ‘ਚ ਪੈ ਸਕਦੇ ਹਨ ਗੜੇ, ਜਾਣੋ ਵੇਰਵਾ
ਵੀਰਵਾਰ ਰਾਤ ਦੇਸ਼ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਇਲਾਕਿਆਂ ਵਿੱਚ ਦੋ ਦਿਨਾਂ ਤੱਕ ਬਰਸਾਤ ਜਾਰੀ ਰਹਿ ਸਕਦੀ ਹੈ। ਸ਼ੁੱਕਰਵਾਰ ਨੂੰ ਵੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਮੀਂਹ ਪੈ ਸਕਦਾ ਹੈ। ਕੁਝ ਥਾਵਾਂ ‘ਤੇ ਗੜੇ ਵੀ ਪੈ ਸਕਦੇ ਹਨ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਹੇਗਾ। 1 ਅਪ੍ਰੈਲ ਨੂੰ ਵੀ ਦਿੱਲੀ ‘ਚ ਆਸਮਾਨ ‘ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਅੱਜ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿੱਚ ਮੀਂਹ ਪੈ ਸਕਦਾ ਹੈ।
ਇਨ੍ਹਾਂ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਜੰਮੂ ਕਸ਼ਮੀਰ, ਲੱਦਾਖ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਇਨ੍ਹਾਂ ਰਾਜਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਅਗਲੇ ਕੁਝ ਦਿਨਾਂ ਤੱਕ ਆਮ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆਵੇਗੀ ਅਤੇ ਗਰਮ ਹਵਾਵਾਂ ਨਹੀਂ ਚੱਲਣਗੀਆਂ।
ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਉੱਤਰ-ਪੱਛਮੀ ਭਾਰਤ ‘ਚ ਕਈ ਥਾਵਾਂ ‘ਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਕੁਝ ਥਾਵਾਂ ‘ਤੇ ਬਿਜਲੀ ਵੀ ਡਿੱਗ ਸਕਦੀ ਹੈ। ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਪੂਰਬੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।