Punjab
ਪੰਜਾਬ ਇੰਚਾਰਜ ਦਾ ਅਹੁਦਾ ਛੱਡਣਾ ਚਾਹੁੰਦੇ ਹਨ ਹਰੀਸ਼ ਰਾਵਤ, ਹਾਈਕਮਾਨ ਨੂੰ ਕੀਤੀ ਅਪੀਲ

ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਵੱਡੇ ਧਮਾਕੇ ਹੋ ਰਹੇ ਹਨ। ਇੱਕ ਪਾਸੇ ਜਿੱਥੇ ਸਿੱਧੂ ਦੇ ਸਲਾਹਕਾਰ ਵਜੋਂ ਨਿਯੁਕਤ ਮਾਲਵਿੰਦਰ ਸਿੰਘ ਮਾਲੀ ਨੇ ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਅੱਜ ਅਸਤੀਫਾ ਦੇ ਦਿੱਤਾ, ਦੂਜੇ ਪਾਸੇ ਹਰੀਸ਼ ਰਾਵਤ ਖੁਦ ਵੀ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਛੁੱਟੀ ਚਾਹੁੰਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਹਰੀਸ਼ ਰਾਵਤ ਨੇ ਹਾਈ ਕਮਾਂਡ ਨੂੰ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਅਪੀਲ ਕੀਤੀ ਹੈ। ਹਰੀਸ਼ ਰਾਵਤ ਨੇ ਇਸ ਸਬੰਧ ਵਿੱਚ ਉੱਤਰਾਖੰਡ ਵਿੱਚ ਹੋਣ ਵਾਲੀਆਂ ਚੋਣਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਗਾਮੀ ਉਤਰਾਖੰਡ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੇ ਹਨ। ਹਰੀਸ਼ ਰਾਵਤ ਨੇ ਹਾਈਕਮਾਨ ਨੂੰ ਇਹ ਅਪੀਲ ਅਜਿਹੇ ਸਮੇਂ ਕੀਤੀ ਹੈ, ਜਦੋਂ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਉਥਲ-ਪੁਥਲ ਮਚੀ ਹੋਈ ਹੈ।
ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਹਰੀਸ਼ ਰਾਵਤ ਨੇ ਕਿਹਾ ਕਿ ਉਹ ਦੋਵਾਂ ਨੇਤਾਵਾਂ ਨੂੰ ਮਿਲਣ ਲਈ ਸਮਾਂ ਮੰਗਣਗੇ।