Connect with us

Punjab

ਹਰਜੋਤ ਸਿੰਘ ਬੈਂਸ ਵੱਲੋਂ ਜੇਲਾਂ ਵਿੱਚ ਮੋਬਾਈਲ ਦੀ ਵਰਤੋਂ ’ਤੇ ਮੁਕੰਮਲ ਰੋਕ ਲਗਾਉਣ ਲਈ ਤਕਨੀਕੀ ਹੱਲ ਤਲਾਸ਼ਣ ਦੇ ਨਿਰਦੇਸ਼

Published

on

ਚੰਡੀਗੜ੍ਹ:ਸੂਬੇ ਦੀਆਂ ਜੇਲਾਂ ਨੂੰ ਅਸਲ ਅਰਥਾਂ ਵਿੱਚ ‘ਸੁਧਾਰ ਘਰ’ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਪੂਰੀ ਤਰਾਂ ਨਾਲ ਬੰਦ ਕਰਨ ਅਤੇ ਜੇਲ ਦੇ ਅੰਦਰ ਚੱਲ ਰਹੇ ਮੋਬਾਈਲਾਂ ਬਾਰੇ ਪਤਾ ਲਗਾਉਣ ਲਈ ਨਵੀਨਤਮ ਤਕਨਾਲੋਜੀ ਵਰਤਣ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇ । 

ਇੱਥੇ ਪੰਜਾਬ ਭਵਨ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਜੇਲਾਂ ਵਿੱਚ ਨਫ਼ਰੀ (ਮੈਨ ਪਾਵਰ) ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਅਤੇ ਜੇਲ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਜੇਲਾਂ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕੈਦੀਆਂ ਦੀ ਨਕੇਲ ਕੱਸਣ ਲਈ ਵਾਧੂ ਪੁਲਿਸ ਕਰਮੀ ਤਾਇਨਾਤ ਕਰਨ ਲਈ ਕਿਹਾ। 

ਮੰਤਰੀ ਨੇ ਕਿਹਾ, “ਜੇਲਾਂ ਵਿੱਚੋਂ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਗਠਜੋੜ ਨੂੰ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਇੱਕ ਨਿਰਧਾਰਤ ਸਮੇਂ ‘ਚ ਜੇਲਾਂ ਵਿੱਚੋਂ ਸਭ ਤੋਂ ਵੱਧ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਭਵਿੱਖ ਵਿੱਚ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜੇਲਾਂ ਦੇ ਅੰਦਰੋਂ ਇੱਕ ਵੀ ਗੈਰ-ਕਾਨੂੰਨੀ ਗਤੀਵਿਧੀ ਨਾ ਕੀਤੀ ਜਾ ਸਕੇ।”
ਜ਼ਿਕਰਯੋਗ ਹੈ ਕਿ ਇੱਕ ਭਾਰਤੀ ਆਈ.ਟੀ./ਕਮਿਊਨੀਕੇਸ਼ਨ ਸਿਸਟਮ ਇੰਟੀਗ੍ਰੇਸ਼ਨ ਕੰਪਨੀ ਐੱਮ.ਏ.ਪੀ.ਐੱਲ. ਨੇ ਪੇਸ਼ਕਾਰੀ ਦਿੱਤੀ ਅਤੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਜੀ.ਓ ਮੈਪਿੰਗ ਰਾਹੀਂ ਜੇਲਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਜੀ.ਓ ਫੈਨਸਿੰਗ ਅਤੇ ਤਕਨਾਲੋਜੀ ਰਾਹੀਂ ਮੋਬਾਈਲ, ਵਟਸਐਪ ਅਤੇ ਹੋਰ ਕਾਲਾਂ ਦੇ ਸਿਗਨਲ ਪ੍ਰਾਪਤ ਕੀਤੇ ਜਾ ਸਕਣਗੇ।

ਇਸ ਤਕਨਾਲੋਜੀ ਰਾਹੀਂ ਰੀਅਲ ਟਾਈਮ ਡਾਟਾ ਤਿਆਰ ਕੀਤਾ ਜਾਂਦਾ ਹੈ। ਮੋਬਾਈਲ ਫੋਨ ਉਪਭੋਗਤਾਵਾਂ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਤੋਂ ਇਲਾਵਾ ਕਾਲ ਨੂੰ ਤੁਰੰਤ ਬਲੌਕ ਕੀਤਾ ਜਾ ਸਕੇਗਾ।

ਮੀਟਿੰਗ ਵਿੱਚ ਏ.ਡੀ.ਜੀ.ਪੀ. ਜੇਲਾਂ ਵਰਿੰਦਰ ਕੁਮਾਰ, ਆਈ.ਜੀ. ਜੇਲਾਂ ਰੂਪ ਕੁਮਾਰ ਅਰੋੜਾ ਅਤੇ ਕਈ ਹੋਰ ਅਧਿਕਾਰੀ ਵੀ ਹਾਜ਼ਰ ਸਨ।