Punjab
ਹਿਮਾਚਲ ਨੂੰ ਰੇਡ, ਆਰੇਂਜ ‘ਤੇ ਗ੍ਰੀਨ ਜ਼ੋਨ ‘ਚ ਵੰਡਿਆ ਜਾਵੇਗਾ
ਕੋਰੋਨਾ ਦਾ ਕਹਿਰ ਹੁਣ ਭਾਰਤ ‘ਚ ਵੀ ਵੱਧ ਰਿਹਾ ਹੈ। ਦਿਨੋਂ ਦਿਨ ਕੋਰੋਨਾ ਦੇ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਲਈ ਹਿਮਾਚਲ ‘ਚ ਕੋਰੋਨਾ ਦੇ ਖਤਰੇ ਨੂੰ ਧਿਆਨ ’ਚ ਰੱਖਦੇ ਹੋਏ ਐਗਜ਼ਿਟ ਪਲਾਨ ਤਿਆਰ ਕੀਤਾ ਜਾਵੇਗਾ। ਇਸ ਦੇ ਤਹਿਤ ਸੂਬੇ ’ਚ ਪਾਏ ਜਾਣ ਵਾਲੇ ਮਾਮਲਿਆਂ ਅਨੁਸਾਰ ਸੂਬੇ ਨੂੰ 6 ਜ਼ੋਨਾਂ ’ਚ ਵੰਡਿਆ ਜਾਵੇਗਾ। ਇਨ੍ਹਾਂ ਵਿੱਚ ਇੱਕ ਹੋਵੇਗਾ ਰੈੱਡ ਜ਼ੋਨ, ਚਾਰ ਆਰੇਂਜ਼ ਜ਼ੋਨ ਅਤੇ ਇਕ ਗ੍ਰੀਨ ਜ਼ੋਨ।
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਐਤਵਾਰ ਨੂੰ ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਸੂਬੇ ’ਚ ਆਮ ਹਾਲਾਤ ਨੂੰ ਬਹਾਲ ਕਰਨ, ਅਾਰਥਿਕ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਅਤੇ ਕਮਜੋਰ ਵਰਗਾਂ ਦੀ ਆਰਥਿਕ ਅਤੇ ਖੁਰਾਕ ਲੋੜਾਂ ਦੀ ਪੂਰਤੀ ਲਈ ਕੰਮ ਕਰਨ ਦੀ ਲੋੜ ਹੈ। ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਸਿਹਤ ਅਤੇ ਆਰਥਿਕ ਹਾਲਤ ਨੂੰ ਧਿਆਨ ’ਚ ਰੱਖਦੇ ਹੋਏ ਇਹ ਯੋਜਨਾ ਤਿਆਰ ਕੀਤੀ ਜਾਵੇਗੀ।
ਸੀ. ਐੈੱਮ. ਨੇ ਕਿਹਾ ਕਿ ਇਸ ਯੋਜਨਾ ਨੂੰ ਉਦੋਂ ਸ਼ੁਰੂ ਕੀਤਾ ਜਾਵੇਗਾ ਜਦੋਂ ਵਾਇਰਸ ਘੱਟ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਕੁਝ ਸਮੇਂ ਦੇ ਅੰਤਰਾਲ ’ਤੇ ਨਵੇਂ ਮਾਮਲੇ ਸਾਹਮਣੇ ਆਉਣਾ ਘੱਟ ਹੋ ਜਾਣਗੇ।
ਤਾਂ ਪੜਾਅਵਾਰ ਤਰੀਕਿਆਂ ’ਚ ਢਿੱਲ ਦੇਣ ’ਤੇ ਹੋਵੇਗਾ ਵਿਚਾਰ।
ਜਾਣਕਾਰੀ ਅਨੁਸਾਰ ਤਿਆਰ ਕੀਤੇ ਜਾਣ ਵਾਲੇ ਐਗਜ਼ਿਟ ਪਲਾਨ ਤਹਿਤ ਆਉਣ ਵਾਲੇ ਦਿਨਾਂ ’ਚ ਪੜਾਅਵਾਰ ਤਰੀਕੇ ਨਾਲ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਅਜਿਹੇ ਇਲਾਕਿਆਂ ਨੂੰ ਕੁਝ ਹੱਦ ਤਕ ਖੋਲ੍ਹਿਆ ਵੀ ਜਾ ਸਕਦਾ ਹੈ। ਜਿੱਥੇ ਅਜੇ ਤਕ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਨਹੀਂ ਆਏ।
ਹਾਟਸਪਾਟ ਇਲਾਕੇ ਵੱਖ ਕੀਤੇ ਜਾਣਗੇ, ਕਈ ਵਾਹਨਾਂ ’ਤੇ ਵੀ ਪਾਬੰਦੀ ਲਗੇਗੀ।
ਸੀ. ਐੈੱਮ ਨੇ ਕਿਹਾ ਕਿ ਚੁਣੇ ਗਏ ਹਾਟਸਪਾਟ ਨੂੰ ਹੋਰ ਹਿੱਸਿਆਂ ਤੋਂ ਪੂਰੀ ਤਰ੍ਹਾਂ ਵੱਖ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭੋਜਨ ਅਤੇ ਹੋਰ ਜ਼ਰੂਰੀਆਂ ਚੀਜ਼ਾਂ ਦੀ ਸਪਲਾਈ ਦੀ ਜ਼ਿੰਮੇਵਾਰੀ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ। ਹਾਟਸਪਾਟ ਦੇ ਖੇਤਰਾਂ ’ਚ ਕਰਫਿਊ ’ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਟਸਪਾਟ ਐਲਾਨੇ ਇਲਾਕਿਆਂ ’ਚ ਵਾਹਨਾਂ ਦੀ ਆਵਾਜ਼ਾਈ ’ਤੇ ਪਾਬੰਦੀ ਲਾਈ ਜਾਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਕੋਰੋਨਾ ਵਾਇਰਸ ਦਾ ਕਹਿਰ ਕਦੋਂ ਘੱਟ ਹੋਵੇਗਾ ਤਾਂ ਜੋ ਲੋਕ ਪਹਿਲਾਂ ਵਾਂਗ ਜਿੰਦਗੀ ਜੀ ਸਕਣ। ਦੇਖਿਆ ਜਾਵੇ ਤਾਂ ਚੀਨ ਦੇ ਹਾਲਾਤ ਸੁਧਰ ਗਏ ਸੀ ਪਰ ਹੁਣ ਦੁਬਾਰਾ ਤੋਂ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਦੱਸ ਦਈਏ ਚੀਨ ਵਿਚ ਕੋਟਨ ਦੇ 109 ਨਵੇਂ ਮਾਮਲੇ ਸਾਹਮਣੇ ਆਏ ਹਨ।