Connect with us

Punjab

ਕੋਰੋਨਾ ਵੈਕਸੀਨ ਮਾਮਲੇ ਵਿੱਚ ਕਿਵੇਂ ਘਿਰੀ ਪੰਜਾਬ ਸਰਕਾਰ,ਵੇਖੋ ਕੀ ਹੈ ਪੂਰਾ ਮਾਮਲਾ?

Published

on

balbir singh sidhu

ਅਸਲ ‘ਚ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਲਈ ਕੇਂਦਰ ਤੋਂ ਜੋ ਵੈਕਸੀਨ ਖ਼ਰੀਦੀ ਸੀ ਉਸ ਵਿੱਚੋਂ ਕੋ-ਵੈਕਸੀਨ ਨਿੱਜੀ ਹਸਪਤਾਲਾਂ ਨੂੰ ਵਾਧੂ ਭਾਅ ਉੱਤੇ ਦੇ ਦਿੱਤੀ ਗਈ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਨੇ ਮੁਨਾਫ਼ਾ ਕਮਾਉਣ ਦੇ ਇਰਾਦੇ ਨਾਲ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚੀ ਹੈ। ਇਸ ਮੁੱਦੇ ਉੱਤੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਵੈਕਸੀਨ ਨਹੀਂ ਮਿਲ ਰਹੀ ਪਰ ਇਹ ਆਮ ਆਦਮੀ ਨੂੰ ਮੁਫ਼ਤ ਦੇਣ ਦੀ ਥਾਂ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੋ-ਵੈਕਸੀਨ ਦੀ ਡੋਜ਼ ਜੋ 400 ਰੁਪਏ ਵਿੱਚ ਪੈਂਦੀ ਹੈ, ਉਹ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਵਿੱਚ ਵੇਚੀ ਗਈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਇਹ ਡੋਜ਼ ਹੋਰ ਮਹਿੰਗੇ ਭਾਅ ਉੱਤੇ ਵੇਚ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਵੱਲੋਂ ਲੋਕਾਂ ਨੂੰ ਪੰਜਾਬ ਦੇ ਦੋ ਨਿੱਜੀ ਹਸਪਤਾਲਾਂ ਵਿੱਚ ਵੈਕਸੀਨ ਲਗਾਉਣ ਸਬੰਧੀ ਕੀਤੇ ਗਏ ਟਵੀਟ ਉੱਤੇ ਵੀ ਸਵਾਲ ਚੁੱਕੇ। ਟਵੀਟ ਦੇ ਮੁਤਾਬਕ 18-44 ਸਾਲ ਦੇ ਉਮਰ ਵਰਗ ਦੇ ਲੋਕ ਫੋਰਟਿਸ ਅਤੇ ਮੈਕਸ ਹਸਪਤਾਲਾਂ ਵਿੱਚੋਂ ਵੈਕਸੀਨ ਲਗਵਾ ਸਕਦੇ ਹਨ। ਟਵੀਟ ਅਨੁਸਾਰ ਮੈਕਸ ਵਿੱਚ ਕੋਵੋਸ਼ੀਲਡ ਦੀ ਇੱਕ ਡੋਜ਼ ਦੇ ਬਦਲੇ 900 ਰੁਪਏ ਅਤੇ ਫੋਰਟਿਸ ਵਿਚ ਕੋ-ਵੈਕਸੀਨ 1250 ਪ੍ਰਤੀ ਡੋਜ਼ ਵਸੂਲ ਕਰੇਗਾ।

400 ਦੀ ਡੋਜ਼ 1060 ਰੁਪਏ ‘ਚ ਵੇਚਣ ਦਾ ਇਲਜ਼ਾਮ ਲਗਾਇਆ ਗਿਆ ਹੈ। ਵੈਕਸੀਨ ਵੇਚੇ ਜਾਣ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਖਿਆ ਕਿ ਜਿਸ ਤਰੀਕੇ ਨਾਲ ਦਬਾਅ ‘ਚ ਆ ਕੇ ਪੰਜਾਬ ਸਰਕਾਰ ਨੇ ਵੈਕਸੀਨ ਵੇਚਣ ਦੇ ਆਪਣੇ ਫ਼ੈਸਲੇ ਨੂੰ ਵਾਪਸ ਲਿਆ ਹੈ ਉਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਨੇ ਵੱਡੀ ਗ਼ਲਤੀ ਕੀਤੀ ਹੈ।

ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਟੀਕਾ ਵੇਚ ਕੇ ਕਰੋੜਾਂ ਰੁਪਏ ਕਮਾਏ ਹਨ। ਹਰਦੀਪ ਸਿੰਘ ਪੁਰੀ ਨੇ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਲਗਾਉਂਦੇ ਹੋਏ ਆਖਿਆ, “ਉਹ ਸਾਡੇ ਤੋਂ ਪੁੱਛਦੇ ਸਨ ਕਿ ਵੈਕਸੀਨ ਕਿੱਥੇ ਹੈ ਤਾਂ ਹੁਣ ਸਾਡਾ ਜਵਾਬ ਹੈ, ਰਾਜਸਥਾਨ ਵਿੱਚ ਗਹਿਲੋਤ ਸਰਕਾਰ ਨੇ ਇਸ ਨੂੰ ਕੂੜੇ ਵਿਚ ਸੁੱਟ ਦਿੱਤਾ ਅਤੇ ਪੰਜਾਬ ਸਰਕਾਰ ਨੇ ਇਸ ਨੂੰ ਨਿੱਜੀ ਹਸਪਤਾਲਾਂ ਨੂੰ ਵੇਚ ਦਿੱਤਾ।” ਬਸਪਾ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੀ ਇਸ ਮੁੱਦੇ ਉੱਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ।

ਮਾਇਆਵਤੀ ਨੇ ਦੋ ਟਵੀਟ ਕਰ ਕੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਨੂੰ ਕੇਂਦਰ ਤੋਂ 400 ਰੁਪਏ ਵਿਚ ਖ਼ਰੀਦ ਕੇ ਉਸ ਨੂੰ ਸਰਕਾਰੀ ਹਸਪਤਾਲਾਂ ਰਾਹੀਂ ਆਮ ਲੋਕਾਂ ਨੂੰ ਦੇਣ ਦੀ ਥਾਂ ਨਿੱਜੀ ਹਸਪਤਾਲਾਂ ਨੂੰ 1,060 ਰੁਪਏ ਵਿੱਚ ਵੇਚ ਕੇ ਮਹਾਂਮਾਰੀ ਵਿੱਚ ਮੁਨਾਫ਼ਾ ਕਮਾਉਣਾ ਮੰਦਭਾਗਾ ਹੈ। ਪੰਜਾਬ ਸਰਕਾਰ ਦੀ ਇਸ ਹਰਕਤ ਦਾ ਮੀਡੀਆ ਵੱਲੋਂ ਪਰਦਾ ਫਾਸ਼ ਕੀਤੇ ਜਾਣ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਕੋਰੋਨਾਵਾਇਰਸ ਦੇ ਸਬੰਧ ਵਿਚ ਕਾਂਗਰਸ ਆਗੂਆਂ ਦਾ ਜੋ ਵੀ ਸਟੈਂਡ ਅਤੇ ਬਿਆਨਬਾਜ਼ੀ ਰਹੀ ਹੈ ਉਸ ‘ਚ ਗੰਭੀਰਤਾ ਘੱਟ ਅਤੇ ਨਾਟਕ ਬਾਜ਼ੀ ਜ਼ਿਆਦਾ ਲਗਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਦੀ ਮੰਗ ਵੀ ਕੀਤੀ।

ਵਿਵਾਦ ਭਖਦਾ ਵੇਖ ਫ਼ਿਲਹਾਲ ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਵੇਚੀ ਵੈਕਸੀਨ ਵਾਪਸ ਲੈਣ ਦੇ ਹੁਕਮ ਦੇ ਦਿੱਤੇ ਸਨ।ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਤਹਿਤ ਵੈਕਸੀਨ ਵਾਪਸ ਲਈ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਦੇਣਾ ਇੱਕ ਗ਼ਲਤੀ ਸੀ ਜਿਸ ਨੂੰ ਮੀਡੀਆ ਵਿੱਚ ਆਉਣ ਤੋਂ ਬਾਅਦ ਸੁਧਾਰਿਆ ਗਿਆ ਹੈ। ਬਲਬੀਰ ਸਿੰਘ ਸਿੱਧੂ ਮੁਤਾਬਕ 42,000 ਡੋਜ਼ ਨਿੱਜੀ ਹਸਪਤਾਲਾਂ ਨੂੰ ਦਿੱਤੀ ਗਈ ਸੀ ਜਿਸ ਨੂੰ ਹੁਣ ਵਾਪਸ ਲਿਆ ਜਾ ਰਿਹਾ ਹੈ।ਉਨ੍ਹਾਂ ਆਖਿਆ ਕਿ ਹੁਣ ਕਿਸੇ ਵੀ ਨਿੱਜੀ ਹਸਪਤਾਲ ਨੂੰ ਵੈਕਸੀਨ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਨਿੱਜੀ ਹਸਪਤਾਲ ਇਸ ਨੂੰ ਲੈਣਾ ਚਾਹੁੰਦਾ ਹੈ ਤਾਂ ਉਹ ਸਿੱਧਾ ਵੈਕਸੀਨ ਨਿਰਮਾਤਾ ਕੰਪਨੀ ਨਾਲ ਸੰਪਰਕ ਕਰੇ।

ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਸਾਰੇ ਲੋਕਾਂ ਨੂੰ ਵੈਕਸੀਨ ਮੁਫ਼ਤ ਵਿੱਚ ਲਗਾਏਗੀ। ਸਿੱਧੂ ਨੇ ਆਖਿਆ ਕਿ ਜਿਹੜੇ ਨਿੱਜੀ ਹਸਪਤਾਲਾਂ ਨੇ ਵੈਕਸੀਨ ਉੱਤੇ ਵਾਧੂ ਪੈਸੇ ਵਾਪਸ ਲੋਕਾਂ ਤੋਂ ਵਸੂਲ ਕੀਤੇ ਹਨ ਉਹ ਵੀ ਵਾਪਸ ਕਰਨ ਲਈ ਇਨ੍ਹਾਂ ਨੂੰ ਆਖਿਆ ਜਾਵੇਗਾ। ਵੈਕਸੀਨ ਨਿੱਜੀ ਹਸਪਤਾਲਾਂ ਨੂੰ ਦੇਣ ਦਾ ਫ਼ੈਸਲਾ ਕਿਸ ਦਾ ਸੀ ਇਸ ਦਾ ਜਵਾਬ ਫ਼ਿਲਹਾਲ ਬਲਵੀਰ ਸਿੰਘ ਸਿੱਧੂ ਨਹੀਂ ਦੇ ਰਹੇ। ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈਣ ਦੇ ਹੁਕਮਾਂ ਤੋਂ ਸਿੱਧ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਇੱਕ ਵੱਡਾ ਵੈਕਸੀਨ ਘੋਟਾਲਾ ਕੀਤਾ ਹੈ।

ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਤੁਰੰਤ ਪੰਜਾਬ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਮੰਤਰੀ ਸਮੇਤ ਵੈਕਸੀਨ ਘੋਟਾਲੇ ਨਾਲ ਸੰਬੰਧਿਤ ਵਿਅਕਤੀਆਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਦਵਾਈ ਕੋਈ ਆਮ ਦਵਾਈ ਨਹੀਂ ਬਲਕਿ ਕੋਰੋਨਾ ਤੋਂ ਬਚਾਉਣ ਲਈ ਜਾਨ-ਬਚਾਊ ਦਵਾਈ ਹੈ ਅਤੇ ਇਸ ਬਾਰੇ ਹੋਰ ਗੰਭੀਰਤਾ ਨਾਲ ਕਾਰਜ ਕੀਤਾ ਜਾਣਾ ਚਾਹੀਦਾ ਸੀ।

ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈਣ ਦੇ ਹੁਕਮਾਂ ਤੋਂ ਸਿੱਧ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਇੱਕ ਵੱਡਾ ਵੈਕਸੀਨ ਘੋਟਾਲਾ ਕੀਤਾ ਹੈ। ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਤੁਰੰਤ ਪੰਜਾਬ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਮੰਤਰੀ ਸਮੇਤ ਵੈਕਸੀਨ ਘੋਟਾਲੇ ਨਾਲ ਸੰਬੰਧਿਤ ਵਿਅਕਤੀਆਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਇਹ ਦਵਾਈ ਕੋਈ ਆਮ ਦਵਾਈ ਨਹੀਂ ਬਲਕਿ ਕੋਰੋਨਾ ਤੋਂ ਬਚਾਉਣ ਲਈ ਜਾਨ-ਬਚਾਊ ਦਵਾਈ ਹੈ ਅਤੇ ਇਸ ਬਾਰੇ ਹੋਰ ਗੰਭੀਰਤਾ ਨਾਲ ਕਾਰਜ ਕੀਤਾ ਜਾਣਾ ਚਾਹੀਦਾ ਸੀ।