Punjab
ਪੁਰਾਣੀਆਂ ਆਦਤਾਂ ਤੇ ਪੁਰਾਣੇ ਸੰਸਕਾਰਾਂ ਨੂੰ ਕਿਵੇਂ ਬਦਲੀਏ ?

“ਜ਼ਹਿਮਤ ਜਾਂਦੀ ਦਾਰੂਆਂ ਆਦਤ ਸਿਰਾਂ ਦੇ ਨਾਲ” ਜਾਂ “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ” ਇਹ ਲਾਈਨਾਂ ਓਦੋਂ ਬੋਲੀਆਂ ਜਾਂਦੀਆਂ ਹਨ ਜਦੋਂ ਇਸ ਗੱਲ਼ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਆਦਤਾਂ ਨੂੰ ਛੱਡਿਆ ਨਹੀਂ ਜਾ ਸਕਦਾ। ਲੇਕਿਨ ਇਹ ਗੱਲ਼ ਬਿਲਕੁੱਲ ਵੀ ਸਹੀ ਨਹੀਂ ਹੈ ਕਿ ਪੁਰਾਣੀਆਂ ਆਦਤਾਂ ਜਾਂ ਪੁਰਾਣੇ ਸੰਸਕਾਰਾਂ ਨੂੰ ਬਦਲਿਆ ਨਹੀਂ ਜਾ ਸਕਦਾ। ਆਦਤਾਂ ਬਦਲਣਾ ਬਿਲਕੁੱਲ ਸੰਭਵ ਹੈ ਜੇਕਰ ਅਸੀਂ ਆਪਣੇ ਆਪ ਪ੍ਰਤੀ ਜਾਗਰੂਕ ਹੋ ਕੇ ਆਪਣੇ ਵਿਅਕਤੀਤਵ ਉੱਪਰ ਕੰਮ ਕਰੀਏ । ਕੋਈ ਵੀ ਚੀਜ਼ ਪਹਿਲਾਂ ਸਾਡੇ ਸੁਭਾਅ ਵਿੱਚ ਸ਼ਾਮਲ ਹੁੰਦੀ ਹੈ ਅਤੇ ਸੁਭਾਅ ਨਾ ਬਦਲਿਆ ਜਾਵੇ ਤਾਂ ਉਹ ਆਦਤ ਵਿੱਚ ਬਦਲ ਜਾਂਦਾ ਹੈ। ਆਦਤ ਪੱਕੀ ਹੋ ਕੇ ਸੰਸਕਾਰ ਬਣ ਜਾਂਦਾ ਹੈ।
ਅਗਰ ਅਸੀਂ ਆਪਣੀ ਆਦਤ ਜਾਂ ਸੰਸਕਾਰ ਨੂੰ ਬਦਲਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਸ਼ਬਦ ਬੋਲਣੇ ਬੰਦ ਕਰਨੇ ਪੈਣਗੇ ਕਿ ਆਦਤ ਜਾਂ ਸੰਸਕਾਰ ਬਦਲੇ ਨਹੀਂ ਜਾ ਸਕਦੇ। ਸਾਡੇ ਸ਼ਬਦ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਜੇਕਰ ਅਸੀਂ ਕਿਹਾ ਕਿ ਕੋਈ ਆਦਤ ਬਦਲੀ ਨਹੀਂ ਜਾ ਸਕਦੀ ਤਾਂ ਸਾਡੇ ਅਵਚੇਤਨ ਮਨ ਨੇ ਇਸ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਆਦਤ ਨਹੀਂ ਬਦਲਣ ਦੇਣੀ। ਅਸੀਂ ਜੋ ਵੀ ਬੋਲਦੇ ਹਾਂ ਜਾਂ ਸੋਚਦੇ ਉਸ ਉੱਪਰ ਸਾਡਾ ਅਵਚੇਤਨ ਮਨ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਅਸੀਂ ਜੋ ਵੀ ਸੋਚਦੇ ਹਾਂ ਉਸੇ ਤਰ੍ਹਾਂ ਦਾ ਸਾਡਾ ਵਿਅਕਤੀਤਵ ਬਣ ਜਾਂਦਾ ਹੈ। ਇਸ ਲਈ ਸਾਨੂੰ ਆਪਣੀ ਸੋਚ ਅਤੇ ਸ਼ਬਦਾਂ ਉੱਪਰ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਆਪਣੇ ਬੱਚਿਆਂ ਦੀਆਂ ਆਦਤਾਂ ਨੂੰ ਆਪ ਹੀ ਪੱਕਾ ਕਰਦੇ ਹਾਂ।
ਜਦੋਂ ਕੋਈ ਬੱਚਾ ਟੀਵੀ ਦੇਖਦਾ ਹੋਇਆ ਜਾਂ ਫ਼ੋਨ ਚਲਾਉਂਦਾ ਹੋਇਆ ਖਾਣਾ ਖਾਂਦਾ ਹੈ ਤਾਂ ਕੋਈ ਇਹ ਕਹਿੰਦਾ ਹੈ ਕਿ ਇੰਝ ਕਰਨਾ ਠੀਕ ਨਹੀਂ ਹੈ ਤਾਂ ਅਸੀਂ ਇਕਦਮ ਕਹਿ ਦਿੰਦੇ ਹਾਂ ਕਿ ਇਹ ਤਾਂ ਇਹਦੀ ਆਦਤ ਬਣ ਗਈ ਹੈ। ਸਾਡੇ ਇਹ ਸ਼ਬਦ ਉਸਦੀ ਆਦਤ ਨੂੰ ਹੋਰ ਪੱਕਾ ਕਰ ਦਿੰਦੇ ਹਨ ਕਿਉੰਕਿ ਸਾਡੇ ਸ਼ਬਦਾਂ ਦੀ ਵਾਈਬ੍ਰੇਸ਼ਨ ਬੱਚੇ ਦੇ ਮਨ ਉੱਪਰ ਪ੍ਰਭਾਵ ਪਾਉਂਦੀ ਹੈ। ਜੇਕਰ ਅਸੀਂ ਕਹਿੰਦੇ ਹਾਂ ਕਿ ਇਹ ਬੱਚਾ ਤਾਂ ਬਿਨਾਂ ਟੀਵੀ ਦੇਖੇ ਜਾਂ ਫ਼ੋਨ ਚਲਾਏ ਖਾਣਾ ਖਾ ਲੈਂਦਾ ਹੈ ਤਾਂ ਇਨ੍ਹਾਂ ਸ਼ਬਦਾਂ ਦੀ ਸ਼ਕਤੀ ਵੀ ਉਸਨੂੰ ਪ੍ਰਭਾਵਿਤ ਕਰੇਗੀ ਤੇ ਉਹ ਆਪਣੀ ਆਦਤ ਛੱਡ ਦੇਵੇਗਾ। ਕੋਈ ਵਿਅਕਤੀ ਸਿਗਰੇਟ ਪੀਂਦਾ ਹੈ ਜੇਕਰ ਤੁਸੀਂ ਕਹਿੰਦੇ ਹੋ ਕਿ ਇਹ ਸਿਹਤ ਲਈ ਨੁਕਸਾਨਦੇਹ ਹੈ ਇਹ ਨਾ ਪੀਆ ਕਰ ਤਾਂ ਅੱਗੋਂ ਉਸਦਾ ਦਾ ਜਵਾਬ ਹੁੰਦਾ ਹੈ ਕਿ ਹੁਣ ਤਾਂ ਇਹ ਮੇਰੀ ਆਦਤ ਬਣ ਗਈ ਹੈ ਮੈਂ ਨਹੀਂ ਛੱਡ ਸਕਦਾ ਤਾਂ ਸਾਡਾ ਅਵਚੇਤਨ ਮਨ ਉਸ ਆਦਤ ਨੂੰ ਹੋਰ ਪੱਕਾ ਕਰ ਦਿੰਦਾ ਹੈ। ਸਾਡੀਆਂ ਸਾਰੀਆਂ ਪੱਕੀਆਂ ਆਦਤਾਂ ਸਾਡੇ ਅਵਚੇਤਨ ਮਨ ਵਿਚ ਗਹਿਰੀਆਂ ਰਿਕਾਰਡ ਹੋਈਆਂ ਆਦਤਾਂ ਹਨ। ਇਹ ਇੰਨੀਆਂ ਗਹਿਰੇ ਵਿੱਚ ਚਲੀਆਂ ਜਾਂਦੀਆਂ ਹਨ ਕਿ ਇਹ ਸਾਡੇ ਸੰਸਕਾਰ ਬਣ ਜਾਂਦੇ ਹਨ। ਕਈ ਵਾਰੀ ਅਸੀਂ ਕਿਸੇ ਇਨਸਾਨ ਬਾਰੇ ਇਹ ਸੋਚਦੇ ਹਾਂ ਕਿ ਉਹ ਤਾਂ ਹਮੇਸ਼ਾਂ ਹੀ ਮੇਰੇ ਲਈ ਮਾੜਾ ਸੋਚਦਾ ਹੈ ਤਾਂ ਸਾਡੀਆਂ ਇਹ ਤਰੰਗਾਂ ਉਸ ਬੰਦੇ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਉਹ ਸੱਚਮੁੱਚ ਸਾਡਾ ਦੁਸ਼ਮਣ ਬਣ ਜਾਂਦਾ ਹੈ। ਚੰਗੀ ਸੋਚ ਨਾਲ ਅਸੀਂ ਚੰਗੀਆਂ ਤਰੰਗਾਂ ਭੇਜ ਕੇ ਵੈਰੀ ਨੂੰ ਵੀ ਮਿੱਤਰ ਬਣਾ ਸਕਦੇ ਹਾਂ। ਜੇਕਰ ਸਾਡੇ ਲਈ ਕੋਈ ਮਾੜਾ ਸੋਚਦਾ ਹੈ ਅਤੇ ਸਾਡਾ ਦੁਸ਼ਮਣ ਬਣ ਜਾਂਦਾ ਹੈ ਤਾਂ ਅਸੀਂ ਉਸ ਵੱਲ ਤਰੰਗਾਂ ਭੇਜਦੇ ਹਾਂ ਕਿ ਉਹ ਤਾਂ ਬਹੁਤ ਵਧੀਆ ਇਨਸਾਨ ਹੈ ਮੇਰੇ ਲਈ ਉਹ ਹਮੇਸ਼ਾ ਚੰਗਾ ਸੋਚਦਾ ਹੈ ਤਾਂ ਉਹ ਵਿਅਕਤੀ ਸੱਚਮੁੱਚ ਬਦਲ ਜਾਵੇਗਾ ਤੇ ਸਾਡੇ ਲਈ ਚੰਗਾ ਸੋਚਣਾ ਸ਼ੁਰੂ ਕਰ ਦੇਵੇਗਾ।
ਮੈਂ ਡਾ. ਜੋਸੇਫ਼ ਮਰਫੀ ਦੀ ਕਿਤਾਬ The Power of your Sub concious mind ਪੜ੍ਹ ਇਸ ਵਿਧੀ ਦਾ ਪ੍ਰਯੋਗ ਕਰਕੇ ਕਈ ਉਨ੍ਹਾਂ ਲੋਕਾਂ ਨੂੰ ਮਿੱਤਰ ਬਣਾਇਆ ਹੈ ਜੋ ਮੇਰੇ ਦੁਸ਼ਮਣ ਬਣ ਚੁੱਕੇ ਸਨ।ਇਸ sub concious mind ਦੀ ਸ਼ਕਤੀ ਨਾਲ affirmations ਕਰਕੇ ਕਿਸੇ ਵੀ ਆਦਤ ਨੂੰ ਜਾਂ ਪੁਰਾਣੇ ਤੋਂ ਪੁਰਾਣੇ ਸੰਸਕਾਰਾਂ ਨੂੰ ਅਸੀਂ ਬਦਲ ਸਕਦੇ ਹਾਂ। ਕਈ ਵਾਰੀ ਅਸੀਂ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਇਹ ਬੰਦਾ ਤਾਂ ਜਮਾਂਦਰੂ ਹੀ ਇਵੇਂ ਦਾ ਹੈ। ਬਿਲਕੁੱਲ ਕਈ ਲੋਕ ਪਿਛਲੇ ਜਨਮ ਦੇ ਜਾਂ ਡੀ.ਐਨ.ਏ ਦੇ ਸੰਸਕਾਰ carry forward ਕਰਦੇ ਹਨ ਭਾਵ ਇਸ ਜਨਮ ਵਿੱਚ ਵੀ ਨਾਲ ਲੈ ਕੇ ਆਉਂਦੇ ਹਨ।
ਇਨ੍ਹਾਂ ਸੰਸਕਾਰਾਂ ਨੂੰ ਵੀ positive affirmations ਨਾਲ ਬਦਲਿਆ ਜਾ ਸਕਦਾ ਹੈ। sub concious mind ਦੀ ਸ਼ਕਤੀ ਨਾਲ ਤੁਸੀਂ ਉਹ ਵੀ ਪਾ ਸਕਦੇ ਹੋ ਜੋ ਸੰਭਵ ਹੀ ਨਹੀਂ ਲੱਗਦਾ। ਪੁਰਾਣੀਆਂ ਆਦਤਾਂ ਅਤੇ ਪੁਰਾਣੇ ਸੰਸਕਾਰਾਂ ਨੂੰ ਬਦਲਣ ਲਈ ਅਸੀਂ meditation ਕਰਕੇ ਵੀ ਸਫਲਤਾ ਪਾ ਸਕਦੇ ਹਾਂ। ਇਹ meditation ਹੈ, ਤੁਸੀਂ ਸਿੱਧੇ ਲੇਟ ਜਾਓ ਤੇ ਫਿਰ ਲੰਬਾ ਸਾਹ ਲਵੋ ਤੇ ਜਦੋਂ ਪੂਰਾ ਸਾਹ ਬਾਹਰ ਨਿਕਲ ਜਾਵੇ ਤਾਂ ਸਾਹ ਰੋਕ ਲਵੋ ਜਿੰਨੀ ਦੇਰ ਤੁਸੀਂ ਸਾਹ ਰੋਕ ਕੇ ਰੱਖਿਆ ਓਨੀ ਦੇਰ ਇਹ ਵਿਚਾਰ ਮਨ ਵਿੱਚ ਲਿਆਓ ਕਿ ਮੈਂ ਇਹ ਆਦਤ ਛੱਡ ਦਿੱਤੀ ਹੈ। ਉਸ ਤੋਂ ਬਾਅਦ ਸਾਹ ਅੰਦਰ ਲੈ ਕੇ ਜਾਓ ਜਦੋਂ ਸਾਹ ਪੂਰੀ ਤਰ੍ਹਾਂ ਅੰਦਰ ਭਰ ਜਾਵੇ ਤਾਂ ਸਾਹ ਰੋਕ ਲਵੋ ਅਤੇ ਸਾਹ ਰੋਕਣ ਦੇ ਸਮੇਂ ਵਿਚਾਰ ਬਣਾਓ ਕਿ ਮੈਂ ਇਹ ਆਦਤ ਛੱਡ ਦਿੱਤੀ ਹੈ। ਉਦਾਹਰਣ ਦੇ ਤੌਰ ‘ਤੇ ਤੁਸੀਂ ਸ਼ਰਾਬ ਦੀ ਆਦਤ ਛੱਡਣੀ ਹੈ ਤਾਂ ਸਾਹ ਰੋਕਣ ਅਤੇ ਛੱਡਣ ਸਮੇਂ ਵਿਚਾਰ ਬਣਾਓ ਕਿ ਮੈਂ ਸ਼ਰਾਬ ਪੀਣੀ ਬੰਦ ਕਰ ਦਿੱਤੀ ਹੈ। ਇਸ ਤਰ੍ਹਾਂ ਕੁੱਝ ਦਿਨ meditation ਕਰੋ ਤਾਂ ਤੁਸੀਂ ਕੋਈ ਵੀ ਆਦਤ ਜਾਂ ਸੰਸਕਾਰ ਨੂੰ ਬਦਲਣ ਵਿੱਚ ਸਫ਼ਲ ਹੋ ਜਾਵੋਗੇ। ਪੱਕਾ ਇਰਾਦਾ ਕਰਕੇ ਅਵਚੇਤਨ ਮਨ ਦੀ ਸ਼ਕਤੀ ਵਾਲੀ affirmations ਵਾਲੀ ਵਿਧੀ ਦਾ ਪ੍ਰਯੋਗ ਕਰਕੇ ਜਾਂ ਉਕਤ meditation ਕਰਕੇ ਕਿਸੇ ਵੀ ਤਰ੍ਹਾਂ ਦੇ ਪੁਰਾਣੇ ਤੋਂ ਪੁਰਾਣੇ ਸੰਸਕਾਰ ਜਾਂ ਪੁਰਾਣੀ ਤੋਂ ਪੁਰਾਣੀ ਆਦਤ ਨੂੰ ਅਲਵਿਦਾ ਕਰ ਸਕਦੇ ਹੋ ਤੇ ਵਾਰਿਸ ਸ਼ਾਹ ਨੂੰ ਝੂਠਾ ਸਾਬਤ ਕਰ ਸਕਦੇ ਹੋ ਜੋ ਉਹ ਕਹਿੰਦਾ ਹੈ,” ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।”