Punjab
ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਦਫਤਰ ‘ਤੇ IT ਦੀ RAID ਜਾਰੀ, ਟੀਮ ਵੱਲੋਂ ਰਿਕਾਰਡ ਦੀ ਕੀਤੀ ਜਾ ਰਹੀ ਤਲਾਸ਼

ਫਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਪੂਰੀ ਹੋ ਗਈ ਹੈ। ਫਿਲਹਾਲ ਉਨ੍ਹਾਂ ਦੇ ਦਫਤਰ ‘ਚ ਜਾਂਚ ਚੱਲ ਰਹੀ ਹੈ। ਆਮਦਨ ਕਰ ਵਿਭਾਗ ਦੀ ਟੀਮ ਪਿਛਲੇ 24 ਘੰਟਿਆਂ ਤੋਂ ਸ਼ਰਾਬ ਕਾਰੋਬਾਰੀ ਦੇ ਦਫ਼ਤਰ ਵਿੱਚ ਰਿਕਾਰਡ ਦੀ ਸਕੈਨਿੰਗ ਕਰ ਰਹੀ ਹੈ। ਦੀਪ ਮਲਹੋਤਰਾ ਦੇ ਖਾਸਮਖਾਸ ਅਸ਼ੋਕ ਸੇਠੀ ਦੇ ਘਰ ਦੀ ਵੀ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਦੇ ਸ਼ਰਾਬ ਘੁਟਾਲੇ ਕਾਰਨ ਸੁਰਖੀਆਂ ‘ਚ ਆਏ ਦੀਪ ਮਲਹੋਤਰਾ ਦੇ ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਦੀ ਟੀਮ ਨੇ ਵੀਰਵਾਰ ਸਵੇਰੇ ਛਾਪੇਮਾਰੀ ਕੀਤੀ। ਵਿਭਾਗ ਦੀਆਂ ਕਈ ਟੀਮਾਂ ਨੇ ਮਲਹੋਤਰਾ ਦੀ ਰਿਹਾਇਸ਼, ਦਫ਼ਤਰ ਅਤੇ ਉਸ ਦੀ ਸ਼ਰਾਬ ਕੰਪਨੀ ਦੇ ਹਿੱਸੇਦਾਰਾਂ ਦੇ ਘਰ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।
ਵੀਰਵਾਰ ਸਵੇਰੇ 7.30 ਵਜੇ ਸ਼ੁਰੂ ਹੋਈ ਇਹ ਕਾਰਵਾਈ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਫਿਲਹਾਲ ਇਨਕਮ ਟੈਕਸ ਵਿਭਾਗ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਟੀਮਾਂ ਨੇ ਜਾਂਚ ਦੌਰਾਨ ਕੀ ਪਾਇਆ। ਸੂਤਰਾਂ ਮੁਤਾਬਕ ਇਨਕਮ ਟੈਕਸ ਟੀਮ ਨੇ ਵਿਭਾਗ ਦੇ ਕੁਝ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ।
ਦੀਪ ਮਲਹੋਤਰਾ ਦਾ ਕਾਰੋਬਾਰ ਪੰਜਾਬ ਤੋਂ ਮੱਧ ਪ੍ਰਦੇਸ਼ ਤੱਕ ਫੈਲਿਆ ਹੋਇਆ ਹੈ। ਸਾਲ 2012 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਫਰੀਦਕੋਟ ਹਲਕੇ ਤੋਂ ਵਿਧਾਇਕ ਚੁਣੇ ਗਏ। ਹਾਲਾਂਕਿ ਇਨ੍ਹੀਂ ਦਿਨੀਂ ਉਹ ਸਿਆਸੀ ਤੌਰ ‘ਤੇ ਸਰਗਰਮ ਨਹੀਂ ਹਨ ਪਰ ਹੁਣ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਨੇੜਤਾ ਵਧ ਗਈ ਹੈ। ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਉਨ੍ਹਾਂ ਦੀ ਕੰਪਨੀ ਦਾ ਨਾਂ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਪਿਛਲੇ ਸਾਲ 7 ਅਕਤੂਬਰ ਨੂੰ ਫਰੀਦਕੋਟ ਸਥਿਤ ਉਸ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ ਦਸਤਾਵੇਜ਼ ਜ਼ਬਤ ਕੀਤੇ ਸਨ। ਇਸ ਕਾਰਵਾਈ ਤੋਂ ਚਾਰ ਮਹੀਨੇ ਬਾਅਦ ਇਸ ਸਾਲ 9 ਫਰਵਰੀ ਨੂੰ ਈਡੀ ਨੇ ਦੀਪ ਮਲਹੋਤਰਾ ਦੇ ਬੇਟੇ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ ਕੀਤਾ ਸੀ।