Connect with us

Punjab

“ਜੇਕਰ ਇਆਲੀ, ਸਤਵੰਤ ਕੌਰ ਵਗੈਰਾ ਦੇ ਥੱਲੇ ਕੰਮ ਕਰਨਾ ਹੈ ਤਾਂ ਫ਼ਿਰ ਸੁਖਬੀਰ ਬਾਦਲ ਕੀ ਮਾੜਾ ਏ?”

Published

on

ਜੇਕਰ ਮਨਪ੍ਰੀਤ ਇਆਲੀ, ਬੀਬੀ ਸਤਵੰਤ ਕੌਰ ਵਗੈਰਾ ਦੇ ਥੱਲੇ ਕੰਮ ਕਰਨਾ ਹੈ ਤਾਂ ਫ਼ਿਰ ਸੁਖਬੀਰ ਸਿੰਘ ਬਾਦਲ ਕੀ ਮਾੜਾ ਹੈ? ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਬਾਦਲ ਧੜੇ ਤੋਂ ਵੱਖ ਹੋਏ ਸਿਕੰਦਰ ਸਿੰਘ ਮਲੂਕਾ ਵਰਗੇ ਉਨ੍ਹਾਂ ਪੁਰਾਣੇ ਟਕਸਾਲੀ ਨੇਤਾਵਾਂ ਵੱਲੋਂ ਜਿਹੜੇ ਬਾਗੀ ਧੜੇ ਨੂੰ ਛੱਡ ਕੇ ਹੁਣ ਮੁੜ ਸੁਖਬੀਰ ਸਿੰਘ ਬਾਦਲ ਨਾਲ ਜੁੜ ਰਹੇ ਹਨ ਜਾਂ ਇੰਝ ਕਹਿ ਲਓ ਕਿ ਘਰ ਵਾਪਸੀ ਕਰ ਰਹੇ ਹਨ। ਇਹ ਜਾਣਕਾਰੀ ਇੱਕ ਪ੍ਰਮੁੱਖ ਅਕਾਲੀ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦਿੱਤੀ। ਇਸ ਸਮੇਂ 2ਦਸੰਬਰ 2024 ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਬਣਾਈ ਗਈ ਭਰਤੀ ਕਮੇਟੀ ਵੱਲੋਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਵੀਂ ਪਾਰਟੀ ਦੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ ਜਿਸ ਵਿੱਚ ਮਲੂਕਾ ਵਰਗੇ ਪੁਰਾਣੇ ਲੀਡਰਾਂ ਨੂੰ ਉਹ ਸਥਾਨ ਨਹੀਂ ਮਿਲਿਆ ਜਿਹੜਾ ਉਹ ਚਾਹ ਰਹੇ ਸਨ। ਇਹ ਲੋਕ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਮੂਹਰਲੀ ਕਤਾਰ ਵਾਲ਼ੇ ਆਗੂਆਂ ਵਿੱਚ ਥਾਂ ਦਿੱਤੀ ਜਾਵੇ। ਹੁਣ ਤੱਕ ਕਈ ਨਾਮੀ ਆਗੂ ਸੁਖਬੀਰ ਸਿੰਘ ਬਾਦਲ ਨਾਲ ਜੁੜ ਚੁੱਕੇ ਜਿਹੜੇ ਜਾਂ ਬਾਗ਼ੀ ਧੜੇ ਨਾਲ ਜੁੜੇ ਸਨ ਜਾਂ ਚੁੱਪ ਕਰਕੇ ਬੈਠ ਗਏ ਸਨ ਜਿਨ੍ਹਾਂ ਵਿੱਚ ਸੋਹਣ ਸਿੰਘ ਠੰਡਲ ਜੋ ਭਾਜਪਾ ਵਿੱਚ ਚਲੇ ਗਏ ਸਨ, ਅਨਿਲ ਜੋਸ਼ੀ ਇਹ ਵੀ ਭਾਜਪਾ ਵਿੱਚੋਂ ਅਕਾਲੀ ਦਲ ਵਿੱਚ ਆਏ ਸਨ ਪਰ ਫਿਰ ਅਕਾਲੀ ਦਲ ਨੂੰ ਵੀ ਛੱਡ ਗਏ ਸਨ ਵਾਪਸ ਅਕਾਲੀ ਦਲ ਵਿੱਚ ਆ ਗਏ ਹਨ। ਪਿਛਲੇ ਦਿਨੀਂ ਇਹ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਘਰ ਵਾਪਸੀ ਕਰ ਰਹੇ ਹਨ ਪਰ ਢੀਂਡਸਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਟਕਸਾਲੀ ਆਗੂਆਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਕਈ ਹੋਰ ਲੀਡਰਾਂ ਦੇ ਘਰ ਵਾਪਸੀ ਕਰਨ ਦੀ ਸੰਭਾਵਨਾ ਹੈ। ਅੱਜ ਜਦੋਂ ਮੈਂ ਇੱਕ ਅਕਾਲੀ ਆਗੂ ਨਾਲ ਫੋਨ ‘ਤੇ ਗੱਲਬਾਤ ਕਰ ਰਿਹਾ ਸੀ ਤਾਂ ਉਸਨੇ ਕੁੱਝ ਦਿਲਚਸਪ ਜਾਣਕਾਰੀਆਂ ਦਿੱਤੀਆਂ। ਜਦੋਂ ਮੈਂ ਕਿਹਾ ਕਿ ਕੀ ਦੋ ਦਸੰਬਰ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਕਰਕੇ, ਜਥੇਦਾਰਾਂ ਨੂੰ ਅਪਮਾਨਤ ਕਰਕੇ ਜਥੇਦਾਰੀ ਤੋਂ ਹਟਾਉਣ ਕਰਕੇ ਅਤੇ ਸੁਖਬੀਰ ਬਾਦਲ ਵੱਲੋਂ ਦੋ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਸਮੇਂ ਇਹ ਕਬੂਲਣ ਮਗਰੋਂ ਕਿ ਬਹਿਬਲ ਕਲਾਂ ਗੋਲੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਸਿਰਸਾ ਸਾਧ ਨੂੰ ਮੁਆਫੀ ਦੇਣ ਵਰਗੇ ਗੁਨਾਹ ਉਨ੍ਹਾਂ ਦੀ ਸਰਕਾਰ ਤੋਂ ਹੋਏ ਸਨ ਕੀ ਇਸਦੇ ਬਾਵਜੂਦ ਪੰਜਾਬ ਦੇ ਲੋਕ ਬਾਦਲ ਦਲ ਨੂੰ ਸਵੀਕਾਰ ਕਰਨਗੇ? ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਅਕਾਲੀ ਆਗੂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਧਾਰਮਿਕ ਮੁੱਦਿਆਂ ਨੂੰ ਤਰਜ਼ੀਹ ਨਾ ਦੇ ਕੇ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਨੂੰ ਤਰਜ਼ੀਹ ਦੇਣਗੇ। ਬਾਦਲ ਦਲ ਦੇ ਆਗੂਆਂ ਵੱਲੋਂ ਅਜਿਹੀਆਂ ਦਲੀਲਾਂ ਦੇ ਕੇ ਹੀ ਬਾਗੀ ਹੋਏ ਅਕਾਲੀ ਆਗੂਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਇਹ ਵਿਚਾਰ ਬਾਦਲ ਦਲ ਦੇ ਆਗੂਆਂ ਦੇ ਨਿੱਜੀ ਵਿਚਾਰ ਹਨ ਜਾਂ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਉਹ ਸਮਝ ਨਹੀਂ ਪਾ ਰਹੇ ਜਾਂ ਸਮਝਣ ਦੇ ਬਾਵਜੂਦ ਆਪਣੀ ਪਾਰਟੀ ਦੀ ਰਣਨੀਤੀ ਤਹਿਤ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਹਨ। ਅਸਲ ਵਿੱਚ ਅਕਾਲੀ ਦਲ ਦਾ ਪਤਨ ਹੀ ਧਾਰਮਿਕ ਮੁੱਦਿਆਂ ਨੂੰ ਲੈ ਕੇ ਹੋਇਆ ਸੀ ਅਤੇ ਅਕਾਲੀ ਦਲ ਦਾ ਵੋਟਰ ਹੁਣ ਤੱਕ ਉਹ ਹੀ ਰਿਹਾ ਹੈ ਜਿਹੜਾ ਧਾਰਮਿਕ ਮੁੱਦਿਆਂ ਨੂੰ ਵਿਕਾਸ ਨਾਲੋਂ ਕਿਤੇ ਵੱਧ ਅਹਿਮੀਅਤ ਦਿੰਦਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਸਮੇਂ ਦੇ ਧਾਰਮਿਕ ਗੁਨਾਹਾਂ ਦੀ ਭਾਂਵੇ ਮੁਆਫੀ ਮੰਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਸੇਵਾ ਵੀ ਪੂਰੀ ਕੀਤੀ ਪਰ ਭਰਤੀ ਕਮੇਟੀ ਮਾਮਲੇ ਤੇ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ ਅਤੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਮਾਨਤ ਕਰਕੇ ਜ਼ਬਰੀ ਸੇਵਾ ਮੁਕਤ ਕੀਤਾ ਗਿਆ ਅਤੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਲਾਹਿਆ ਗਿਆ ਲੱਗਦਾ ਹੈ ਕਿ ਸਿੱਖ ਕੌਮ ਇਨ੍ਹਾਂ ਗੱਲਾਂ ਨੂੰ ਅਣਗੌਲਿਆ ਨਹੀਂ ਕਰ ਸਕਦੀ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਗਿਆਨੀ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਇਯਾਲੀ, ਬੀਬੀ ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਆਗੂ ਜਿਹੜੇ ਨਵੀਂ ਪਾਰਟੀ ਬਣਾਉਣ ਵਿੱਚ ਲੱਗੇ ਹੋਏ ਹਨ ਉਹ ਟਕਸਾਲੀ ਆਗੂਆਂ ਨੂੰ ਨਾਲ ਕਿਵੇਂ ਜੋੜ ਕੇ ਰੱਖਣਗੇ ਜਾਂ ਕਿਵੇਂ ਸੰਤੁਸ਼ਟ ਕਰਨਗੇ? ਮੈਂ ਪਹਿਲਾਂ ਵੀ ਆਪਣੇ ਕਈ ਲੇਖਾਂ ਵਿੱਚ ਲਿਖ ਚੁੱਕਾ ਹਾਂ ਕਿ ਜੇਕਰ ਲੋਕ ਅਕਾਲੀ ਦਲ ਦੇ ਇੱਕ ਧੜੇ ਨੂੰ ਮਾਨਤਾ ਦੇ ਦਿੰਦੇ ਹਨ ਅਤੇ ਦੂਸਰੇ ਨੂੰ ਮੂਲੋਂ ਨਕਾਰ ਦਿੰਦੇ ਹਨ ਤਾਂ ਅਕਾਲੀ ਦਲ ਬਚ ਸਕਦਾ ਹੈ। ਲੇਕਿਨ ਜੇਕਰ ਅਕਾਲੀ ਦਲ ਦੇ ਵੋਟਰ ਅੱਧੇ ਅੱਧੇ ਵੰਡੇ ਜਾਂਦੇ ਹਨ ਤਾਂ ਅਕਾਲੀ ਦਲ ਬਹੁਤ ਕਮਜ਼ੋਰ ਹੋ ਜਾਵੇਗਾ।

-ਕੁਲਵੰਤ ਸਿੰਘ ਗੱਗੜਪੁਰੀ