Connect with us

Punjab

ਨਵਾਂ ਅਕਾਲੀ ਦਲ ਜੁਲਾਈ ‘ਚ; ਗਿ. ਹਰਪ੍ਰੀਤ ਸਿੰਘ ਜਾਂ ਬੀਬੀ ਸਤਵੰਤ ਕੌਰ ਬਣ ਸਕਦੇ ਨੇ ਪ੍ਰਧਾਨ

Published

on

ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਦਿੱਤੇ ਆਦੇਸ਼ਾਂ ਮਗਰੋਂ ਬਣੀ ਭਰਤੀ ਕਮੇਟੀ ਨੇ ਆਪਣੀ ਭਰਤੀ ਦੀ ਪ੍ਰੀਕਿਰਿਆ ਤਕਰੀਬਨ ਪੂਰੀ ਕਰ ਲਈ ਹੈ।ਨਵੇਂ ਅਕਾਲੀ ਦਲ ਦਾ ਗਠਨ ਜੁਲਾਈ ਮਹੀਨੇ ਦੇ ਅਖੀਰ ਵਿੱਚ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਵੱਲੋਂ ਹੁਣ ਨਵੇਂ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰਨ ਲਈ ਸਹਿਮਤੀ ਤਿਆਰ ਕੀਤੀ ਜਾ ਰਹੀ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨਗੀ ਲਈ ਚਾਰ ਪੰਜ ਆਗੂਆਂ ਦਾ ਨਾਮ ਲਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ, ਬੀਬੀ ਸਤਵੰਤ ਕੌਰ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ ਦੇ ਨਾਮ ਸ਼ਾਮਲ ਹਨ। ਲੇਕਿਨ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਸਿੰਘ ਦੇ ਪ੍ਰਧਾਨ ਬਣਨ ਦੇ ਜ਼ਿਆਦਾ ਅਸਾਰ ਹਨ।

ਇਸਦਾ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੋਵਾਂ ਦੇ ਨਾਮ ‘ਤੇ ਸਹਿਮਤੀ ਬਿਨਾਂ ਵਿਰੋਧ ਦੇ ਬਣ ਸਕਦੀ ਹੈ। ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਬਰੀ ਸੇਵਾ ਮੁਕਤ ਕੀਤਾ ਗਿਆ ਸੀ। ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਹਨ। ਜਦੋਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਸੀ ਉਸ ਵੇਲ਼ੇ ਭਾਵੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਨ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਗਿਆਨੀ ਹਰਪ੍ਰੀਤ ਸਿੰਘ ਜ਼ਿਆਦਾ ਸਰਗਰਮ ਨਜ਼ਰ ਆਏ ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਨਾ ਪਿਆ। ਉਨ੍ਹਾਂ ਨਾਲ ਜੋ ਕੁੱਝ ਵੀ ਕੀਤਾ ਗਿਆ ਉਸ ਨਾਲ ਸਿੱਖ ਸੰਗਤ ਦੀ ਹਮਦਰਦੀ ਉਨ੍ਹਾਂ ਨੂੰ ਮਿਲੀ।

ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਖ ਸੰਗਤ ਵਿੱਚ ਚੰਗਾ ਸਤਿਕਾਰ ਹੈ ਜਿਸ ਕਾਰਨ ਉਨ੍ਹਾਂ ਦੇ ਪ੍ਰਧਾਨ ਬਣਨ ਦੇ ਸਭ ਤੋਂ ਵੱਧ ਅਸਾਰ ਹਨ। ਦੂਜੇ ਨੰਬਰ ‘ਤੇ ਬੀਬੀ ਸਤਵੰਤ ਕੌਰ ਹਨ ਜੋ ਕਿ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿੱਖਿਆ ਵਿਭਾਗ ਦੀ ਡਿਪਟੀ ਡਾਇਰੈਕਟਰ ਹੈ। ਬੀਬੀ ਸਤਵੰਤ ਕੌਰ ਦੇ ਪ੍ਰਧਾਨ ਬਣਨ ਦੀਆਂ ਚਰਚਾਵਾਂ ਇਸ ਲਈ ਹਨ ਕਿ ਇੱਕ ਤਾਂ ਔਰਤ ਹੋਣ ਕਰਕੇ ਇੱਕ ਨਵਾਂ ਬਦਲਾਅ ਹੋਵੇਗਾ, ਦੂਜਾ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੋਣ ਕਾਰਨ ਗਰਮ ਖਿਆਲੀ ਲੋਕ ਨਾਲ ਜੁੜਨਗੇ। ਨਵੇਂ ਅਕਾਲੀ ਦਲ ਦਾ ਗਠਨ ਕਰਨ ਤੋਂ ਬਾਅਦ ਬਾਗੀ ਧੜੇ ਵੱਲੋਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਦੀ ਤਿਆਰੀ ਕੀਤੀ ਜਾਵੇਗੀ।

ਜੇਕਰ ਬਾਗੀ ਧੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ‘ਤੇ ਕਾਬਜ ਹੋ ਜਾਂਦੀ ਹੈ ਤਾਂ ਬਾਦਲ ਦਲ ਹੋਰ ਜ਼ਿਆਦਾ ਕਮਜ਼ੋਰ ਹੋ ਜਾਵੇਗਾ। ਇਸ ਦਰਮਿਆਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਪਲੇਟ ਫਾਰਮ ‘ਤੇ ਇਕੱਠੇ ਹੋਣ ਲਈ ਕੋਸ਼ਿਸਾਂ ਵੀ ਕੀਤੀਆਂ ਗਈਆਂ ਪਰ ਇਹ ਕੋਸ਼ਿਸਾਂ ਸਫਲ ਨਹੀਂ ਹੋਈਆਂ। ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ਤੇ ਬਾਗੀ ਧੜਾ ਸੁਖਬੀਰ ਨੂੰ ਪ੍ਰਧਾਨਗੀ ਕਦੇ ਵੀ ਨਹੀਂ ਦੇਵੇਗਾ। ਬਾਗੀਆਂ ਦੇ ਬਾਗੀ ਹੋਣ ਦਾ ਵੱਡਾ ਕਾਰਨ ਹੀ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਉਹ ਪ੍ਰਧਾਨਗੀ ਤੋਂ ਲਾਂਭੇ ਕਰਨਾ ਚਾਹੁੰਦੇ ਸਨ ਪਰ ਸੁਖਬੀਰ ਬਾਦਲ ਕਿਸੇ ਵੀ ਹਾਲਤ ਵਿੱਚ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ। ਨਵਾਂ ਅਕਾਲੀ ਦਲ ਕਿੰਨਾ ਕੂ ਸਫਲ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਪੱਕਾ ਹੋ ਗਿਆ ਹੈ ਕਿ ਅਕਾਲੀ ਦਲ ਧੜਿਆਂ ਵਿੱਚ ਵੰਡ ਕੇ ਕਮਜ਼ੋਰ ਹੋਵੇਗਾ। ਜੇਕਰ ਅਕਾਲੀ ਦਲ ਦੇ ਵੋਟਰ ਇੱਕ ਧੜੇ ਨੂੰ ਮੂਲੋਂ ਹੀ ਨਕਾਰ ਦਿੰਦੇ ਹਨ ਤਾਂ ਫ਼ਿਰ ਅਕਾਲੀ ਦਲ ਦਾ ਇੱਕ ਧੜਾ ਮਜਬੂਤ ਹੋ ਕੇ ਸਾਹਮਣੇ ਆ ਸਕਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਅਕਾਲੀ ਦਲ ਦਾ ਵੋਟਰ ਕਿਸ ਧੜੇ ਨੂੰ ਮਾਨਤਾ ਦਿੰਦਾ ਹੈ? ਜਾਂ ਵੋਟਰ ਵੀ ਅੱਧਾ ਅੱਧਾ ਵੰਡਿਆ ਜਾਂਦਾ ਹੈ। ਵੋਟਰ ਦੇ ਅੱਧਾ ਅੱਧਾ ਵੰਡੇ ਜਾਣ ਨਾਲ ਦੋਵੇਂ ਧੜੇ ਹੀ ਕਮਜ਼ੋਰ ਹੋ ਜਾਣਗੇ। ਅਜੇ ਵੀ ਅਕਾਲੀ ਆਗੂਆਂ ਨੂੰ ਹਉਮੈ ਛੱਡ ਕੇ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ।

ਕੁਲਵੰਤ ਸਿੰਘ ਗੱਗੜਪੁਰੀ