Punjab
ਸਤਲੁਜ ਦਰਿਆ ਕਿਨਾਰੇ ਵੇਚੀ ਜਾ ਰਹੀ ਨਾਜਾਇਜ਼ ਸ਼ਰਾਬ
28 ਦਸੰਬਰ 2023: ਪਿੰਡ ਭੋਲੇਵਾਲ ਵਿੱਚ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਸੀ। ਜਿੱਥੇ ਐਂਟੀ ਨਾਰਕੋਟਿਕ ਸੈੱਲ-1 ਦੀ ਟੀਮ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਮਿਲ ਕੇ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਅਤੇ ਸ਼ਰਾਬ ਨੂੰ ਨਸ਼ਟ ਕਰਵਾਇਆ। ਇਸ ਸਬੰਧੀ ਥਾਣਾ ਲਾਡੋਵਾਲ ਵਿੱਚ ਜਸਵੰਤ ਸਿੰਘ, ਬਲਵੀਰ ਅਤੇ ਕਾਲੂ ਵਾਸੀ ਪਿੰਡ ਭੋਲੇਵਾਲ ਜੱਦੀਦ ਦੇ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਐਂਟੀ ਨਾਰਕੋਟਿਕ ਸੈੱਲ-1 ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭੋਲੇਵਾਲ ਜਾਦੀਦ ਵਿੱਚ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ। ਜਿਸ ਦੇ ਆਧਾਰ ‘ਤੇ ਉਨ੍ਹਾਂ ਦੀ ਟੀਮ ਨੇ ਐਕਸਾਈਜ਼ ਇੰਸਪੈਕਟਰ ਹਰਜਿੰਦਰ ਸਿੰਘ ਨਾਲ ਮਿਲ ਕੇ ਛਾਪੇਮਾਰੀ ਕੀਤੀ। ਜਿੱਥੋਂ 25 ਬੋਤਲਾਂ ਨਜਾਇਜ਼ ਸ਼ਰਾਬ, ਦੋ ਲੋਹੇ ਦੇ ਡਰੰਮ, ਦੋ ਟਿਊਬਾਂ, ਦੋ ਗਮਲੇ, ਦੋ ਪਾਈਪਾਂ, ਦੋ ਪੇਟੀਆਂ ਬਰਾਮਦ ਕਰਕੇ ਦਸ ਹਜ਼ਾਰ ਲੀਟਰ ਸ਼ਰਾਬ ਨਸ਼ਟ ਕੀਤੀ ਗਈ। ਜਦੋਂ ਉਨ੍ਹਾਂ ਦੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਉਥੇ ਮੌਜੂਦ ਤਿੰਨੇ ਮੁਲਜ਼ਮ ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਕਤ ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਲਾਡੋਵਾਲ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।