Punjab
ਪੰਜਾਬ ਦੇ ਮੌਸਮ ‘ਤੇ ‘ਬਿਪਰਜੋਏ’ ਦਾ ਅਸਰ, 16 ਤੋਂ 19 ਤੱਕ ਜਾਰੀ ਰਹਿਣਗੇ ਤੇਜ਼ ਹਵਾਵਾਂ ਤੇ ਮੀਂਹ…

ਬਿਪਰਜੋਏ ਚੱਕਰਵਾਤ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਅਨੁਸਾਰ ਇਸ ਚੱਕਰਵਾਤ ਅਤੇ ਨਵੀਂ ਪੱਛਮੀ ਗੜਬੜੀ ਕਾਰਨ ਸ਼ੁੱਕਰਵਾਰ ਤੋਂ 19 ਜੂਨ ਤੱਕ ਸੂਬੇ ਵਿੱਚ ਜ਼ਿਆਦਾਤਰ ਥਾਵਾਂ ‘ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿੱਚ ਤਿੰਨ ਤੋਂ ਪੰਜ ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਵਿਭਾਗ ਨੇ ਇਨ੍ਹਾਂ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਬਿਪਰਜੋਏ ਚੱਕਰਵਾਤ ਦੇ ਪ੍ਰਭਾਵ ਕਾਰਨ ਰਾਜਸਥਾਨ ਵਿੱਚ ਤੇਜ਼ ਹਵਾਵਾਂ ਨਾਲ ਬਰਸਾਤ ਦਾ ਦੌਰ ਜਾਰੀ ਹੈ। ਉਥੋਂ ਆਉਣ ਵਾਲੀ ਇਹ ਹਵਾ ਪੰਜਾਬ ਵਿੱਚ ਨਮੀ ਨੂੰ ਵਧਾ ਰਹੀ ਹੈ। ਇਸ ਨਮੀ ਅਤੇ ਨਵੀਂ ਵੈਸਟਰਨ ਡਿਸਟਰਬੈਂਸ ਦੇ ਸੁਮੇਲ ਕਾਰਨ ਮੌਸਮ ਬਦਲ ਰਿਹਾ ਹੈ।
ਪੰਜਾਬ ‘ਚ ਭਾਰੀ ਮੀਂਹ ਕਾਰਨ ਪਾਰਾ 6.4 ਡਿਗਰੀ ਡਿੱਗਿਆ, ਆਮ ਨਾਲੋਂ 4.7 ਡਿਗਰੀ ਹੇਠਾਂ ਪਹੁੰਚਿਆ
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੇਰੇ 8.30 ਵਜੇ ਤੱਕ ਭਾਰੀ ਮੀਂਹ ਪਿਆ, ਜਿਸ ਨਾਲ ਘੱਟੋ-ਘੱਟ ਤਾਪਮਾਨ ਵਿੱਚ 6.4 ਡਿਗਰੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਨਾਲੋਂ 4.7 ਡਿਗਰੀ ਘੱਟ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੋਰ ਵੱਡੇ ਸ਼ਹਿਰਾਂ ਅੰਮ੍ਰਿਤਸਰ ਵਿੱਚ 31.0 ਡਿਗਰੀ, ਲੁਧਿਆਣਾ ਵਿੱਚ 31.9, ਪਟਿਆਲਾ ਵਿੱਚ 34.2, ਪਠਾਨਕੋਟ ਵਿੱਚ 34.8, ਫਰੀਦਕੋਟ ਵਿੱਚ 32.6, ਹੁਸ਼ਿਆਰਪੁਰ ਵਿੱਚ 31.6 ਅਤੇ ਰੋਪੜ ਵਿੱਚ 33.4 ਡਿਗਰੀ ਦਰਜ ਕੀਤਾ ਗਿਆ।
ਸਭ ਤੋਂ ਵੱਧ ਬਾਰਿਸ਼ ਅੰਮ੍ਰਿਤਸਰ ਵਿੱਚ ਹੋਈ
ਪੰਜਾਬ ਵਿੱਚ ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 129.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦਕਿ ਲੁਧਿਆਣਾ ‘ਚ 33.2, ਪਟਿਆਲਾ ‘ਚ 20.2, ਪਠਾਨਕੋਟ ‘ਚ 8.4, ਬਠਿੰਡਾ ‘ਚ 5.4, ਗੁਰਦਾਸਪੁਰ ‘ਚ 9.0, ਫਤਿਹਗੜ੍ਹ ਸਾਹਿਬ ‘ਚ 19.0, ਬਰਨਾਲਾ ‘ਚ 10.0, ਫਿਰੋਜ਼ਪੁਰ ‘ਚ 2.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਿਨ ਵੇਲੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 2.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਨਾਲੋਂ 3.6 ਡਿਗਰੀ ਘੱਟ ਰਿਹਾ। ਲੁਧਿਆਣਾ ਵਿੱਚ ਸਭ ਤੋਂ ਘੱਟ ਤਾਪਮਾਨ 20.2 ਡਿਗਰੀ ਦਰਜ ਕੀਤਾ ਗਿਆ।