Uncategorized
2022 ‘ਚ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ: ਮਜੀਠੀਆ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਿਊੁਂਸੀਪਲ ਚੋਣਾਂ ਵਿਚ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਜਿਹੜੀ ਵੀ ਪਾਰਟੀ ਮਿਊਂਸੀਪਲ ਚੋਣਾਂ ਵਿਚ ਦੂਜੇ ਨੰਬਰ ‘ਤੇ ਰਹਿੰਦੀ ਹੈ, ਉਹ ਹਮੇਸ਼ਾ ਵਿਧਾਨ ਸਭਾ ਚੋਣਾਂ ਜਿੱਤਦੀ ਹੈ। ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਮਾਝੇ ਦੇ ਲੋਕਾਂ ਦੇ ਕਾਂਗਰਸ ਪਾਰਟੀ ਤੇ ਇਨ੍ਹਾਂ ਦੀ ਸਰਕਾਰ ਵੱਲੋਂ ਵਿੱਢੇ ਸਰਕਾਰੀ ਦਮਨ ਵਿਰੁੱਧ ਡੱਟ ਕੇ ਖੜ੍ਹਨ ਲਈ ਧੰਨਵਾਦੀ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਚੋਣ ਜਿੱਤਣ ਲਈ ਕਿਸੇ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਤੇ ਸੂਬੇ ਦੇ ਮੁੱਖ ਸਕੱਤਰ ਵਿਨੀ ਮਹਾਜਨ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਨਗੇ ਕਿ ਉਨ੍ਹਾਂ ਨੇ ਰਲ ਕੇ ਮਿਊਂਸੀਪਲ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਈ। ਉਨ੍ਹਾਂ ਕਿਹਾ ਕਿ ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਵੀ ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਕਿਸੇ ਵੀ ਰਿਪੋਰਟ ‘ਤੇ ਕੋਈ ਕਾਰਵਾਈ ਨਾ ਕਰ ਕੇ ਇਸ ਜਿੱਤ ਵਿਚ ਆਪਣਾ ਯੋਗਦਾਨ ਪਾਇਆ।
ਮਜੀਠੀਆ ਨੇ ਕਿਹਾ ਕਿ 40 ਫੀਸਦੀ ਸੀਟਾਂ ‘ਤੇ ਚੋਣਾਂ ਨਹੀਂ ਹੋਈਆਂ, ਜਿਥੇ ਵਿਰੋਧੀ ਧਿਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਤੇ ਕਾਂਗਰਸੀਆਂ ਨੇ ਵੱਡੇ ਪੱਧਰ ‘ਤੇ ਹਿੰਸਾ ਕੀਤੀ, ਜਾਅਲੀ ਵੋਟਾਂ ਭੁਗਤਾਈਆਂ ਤੇ ਵੱਖ-ਵੱਖ ਥਾਵਾਂ ‘ਤੇ ਬੂਥਾਂ ‘ਤੇ ਵੀ ਕਬਜ਼ਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਾਝੇ ਵਿਚ ਡੱਟ ਕੇ ਖੜ੍ਹੇ ਰਹੇ ਤੇ ਇਸ ਲਈ ਉਨ੍ਹਾਂ ਨੂੰ ਵਧਾਈ ਦੇਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਦੇ ਵੋਟਰਾਂ ਨੇ ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ‘ਤੇ ਭਰੋਸਾ ਪ੍ਰਗਟਾਇਆ ਹੈ। 13 ਵਿਚੋਂ 10 ਸੀਟਾਂ ‘ਤੇ ਪਾਰਟੀ ਦੇ ਉਮੀਦਵਾਰ ਜਿਤਾਏ। ਅਜਨਾਲਾ ਵਿਚ ਕੁੱਲ 15 ਵਿਚੋਂ 8 ਸੀਟਾਂ ‘ਤੇ ਪਾਰਟੀ ਦੀ ਜਿੱਤ ਹੋਈ ਤੇ ਪਾਰਟੀ ਨੇ ਹੋਰ ਹਲਕਿਆਂ ਤੋਂ ਇਲਾਵਾ ਕਾਦੀਆਂ ਤੇ ਸ੍ਰੀ ਹਰਿਗੋਬਿੰਦਪੁਰ ਵਿਚ ਵੀ ਬਹੁਮਤ ਹਾਸਲ ਕਰ ਲਿਆ।