Punjab
ਟੋਲ ਪਲਾਜ਼ਾ ਠੱਪ ਹੋਣ ‘ਤੇ ਪੰਜਾਬ ਸਰਕਾਰ ਆਈ ਹਰਕਤ ‘ਚ, ਪ੍ਰਦਰਸ਼ਨਕਾਰੀਆਂ ਨੂੰ 12 ਟੋਲ ਨਾਕਿਆਂ ਤੋਂ ਹਟਾਇਆ
ਧਰਨਾਕਾਰੀਆਂ ਵੱਲੋਂ 13 ਟੋਲ ਪਲਾਜ਼ਿਆਂ ਦੀ ਕੀਤੀ ਜਾਮ ਨੂੰ ਲੈ ਕੇ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। NHAI ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ 12 ਟੋਲ ਨਾਕਿਆਂ ਤੋਂ ਹਟਾ ਦਿੱਤਾ ਗਿਆ ਹੈ। ਜਗਜੀਤਪੁਰਾ ਟੋਲ ਨੂੰ ਬਰਨਾਲਾ ਦੇ ਪਿੰਡ ਪੱਖੋ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟੋਲ ਸ਼ਿਫਟ ਹੁੰਦੇ ਹੀ ਪ੍ਰਦਰਸ਼ਨਕਾਰੀ ਉਥੋਂ ਚਲੇ ਜਾਣਗੇ।
ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ, ਤਰਨਤਾਰਨ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ ਅਤੇ ਬਰਨਾਲਾ ਦੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਧਰਨਾਕਾਰੀਆਂ ਨੇ ਬੰਦ ਕਰ ਦਿੱਤਾ ਹੈ। ਇਨ੍ਹਾਂ ਟੋਲ ਨਾਕਿਆਂ ਨੂੰ ਖੋਲ੍ਹਣ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਐਨਐਚਏਆਈ ਨੇ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਅਤੇ ਪੁਲੀਸ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਪਰ ਕੋਈ ਫਾਇਦਾ ਨਹੀਂ ਹੋਇਆ। NHAI ਨੇ ਕਿਹਾ ਕਿ ਕਈ ਟੋਲ ‘ਤੇ ਹੁਣ ਪ੍ਰਦਰਸ਼ਨਕਾਰੀਆਂ ਨੇ ਟੋਲ ਦੀ ਨਾਜਾਇਜ਼ ਵਸੂਲੀ ਸ਼ੁਰੂ ਕਰ ਦਿੱਤੀ ਹੈ।
NHAI ਨੇ ਸੀਨੀਅਰ ਵਕੀਲ ਚੇਤਨ ਮਿੱਤਲ ਰਾਹੀਂ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ 13 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ। ਪਟੀਸ਼ਨਰ ਨੇ ਕਿਹਾ ਕਿ ਟੋਲ ਬੰਦ ਹੋਣ ਕਾਰਨ ਇੱਥੋਂ ਟੋਲ ਦੀ ਰਕਮ ਵਸੂਲੀ ਨਹੀਂ ਹੋ ਰਹੀ ਅਤੇ 17 ਦਸੰਬਰ ਤੋਂ 4 ਜਨਵਰੀ ਤੱਕ ਕਰੀਬ 26 ਕਰੋੜ 60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।