Connect with us

Punjab

ਰਾਏਕੋਟ ਇਲਾਕੇ ‘ਚ ਚੋਰਾਂ ਦੇ ਹੌਂਸਲੇ ਬੁਲੰਦ, ਸੀਨੀਅਰ ਕਾਂਗਰਸੀ ਆਗੂ ਨੂੰ ਲੁੱਟਿਆ

Published

on

  • ਦਿਨ-ਦਿਹਾੜੇ ਨਾਟਕੀ ਅੰਦਾਜ ‘ਚ ਘਰ ਦਾਖਲ ਹੋਏ ਦੋ ਚੋਰਾਂ ਨੇ ਪਿੰਡ ਬੜੂੰਦੀ ਦੇ ਸੀਨੀਅਰ ਕਾਂਗਰਸੀ ਆਗੂ ਨੂੰ ਲੁੱਟਿਆ
  • ਪਿਸਤੌਲ ਦੀ ਨੋਕ ‘ਤੇ 15 ਤੋਲੇ ਸੋਨਾ, 25 ਬੋਰ ਪਿਸਟਲ ਤੇ ਨਗਦੀ ਲੁੱਟ ਕੇ ਹੋਏ ਫਰਾਰ

ਜਗਰਾਓਂ, 28 ਜੂਨ (ਹੇਮ ਰਾਜ ਬੱਬਰ): ਰਾਏਕੋਟ ਇਲਾਕੇ ਵਿਚ ਚੋਰਾਂ ਦੇ ਹੌਸਲੇ ਐਨੇ ਬੁਲੰਦ ਹੋ ਗਏ ਹਨ ਕਿ ਪਿੰਡ ਬੜੂੰਦੀ ਦੇ ਇੱਕ ਬਜ਼ੁਰਗ ਸੀਨੀਅਰ ਕਾਂਗਰਸੀ ਆਗੂ ਨੂੰ ਦੋ ਅਣਪਛਾਤੇ ਚੋਰਾਂ ਵੱਲੋਂ ਨਾਟਕੀ ਅੰਦਾਜ ਵਿਚ ਨਿਸ਼ਾਨਾ ਬਣਾਉਂਦਿਆ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਬਲਕਿ ਬਜ਼ੁਰਗ ਪਤੀ-ਪਤਨੀ ਨੂੰ ਇਹ ਤਾਹਨਾ ਮਾਰਦਿਆ ਕਿਹਾ ਕਿ ‘ਤੁਸੀ ਤਾਂ ਰੱਜੇ ਰਹਿੰਦੇ ਹੋਏ ਅਤੇ ਅਸੀ ਭੁੱਖੇ ਸੌਂਦੇ ਹਾਂ। ਦਰਅਸਲ ਅੱਜ ਦਿਨ-ਦਿਹਾੜੇ ਦੁਪਿਹਰ ਡੇਢ ਵਜੇ ਦੇ ਕਰੀਬ ਦੋ ਅਣਪਛਾਤੇ ਮੋਨੇ ਵਿਅਕਤੀ ਪਿੰਡ ਬੜੂੰਦੀ ਦੇ ਸੀਨੀਅਰ ਬਜ਼ੁਰਗ ਕਾਂਗਰਸੀ ਆਗੂ ਨਰਿੰਦਰ ਸਿੰਘ ਪੰਨੂ ਦੇ ਘਰ ਦਾ ਦਰਵਾਜਾ ਖੜਾਉਂਦੇ ਹਨ ਹਨ, ਜਿਸ ‘ਤੇ ਉਨਾਂ ਦੀ ਪਤਨੀ ਸੇਵਾ ਮੁਕਤ ਅਧਿਆਪਕਾ ਕੁਲਵੰਤ ਕੌਰ ਉਨਾਂ ਨੂੰ ਅੰਦਰ ਲੈ ਆਉਂਦੀ ਹੈ ਅਤੇ ਉਨਾਂ ਆਉਂਦਿਆ ਖੁਦ ਨੂੰ ਪੋਹੀੜ ਨਿਵਾਸੀ ਹੋਣਾ ਦੱਸਿਆ ਅਤੇ ਇੱਕ ਵਿਅਕਤੀ ਕਹਿਣ ਲੱਗਾ ਕਿ ਉਸਦਾ ਆਪਣੀ ਘਰਵਾਲੀ ਨਾਲ ਝਗੜਾ ਹੋ ਗਿਆ ਅਤੇ ਉਹ ਬੱਚੇ ਲੈ ਕੇ ਭੁੱਟੇ ਚਲੀ ਗਈ। ਇਸ ਲਈ ਅਸੀਂ ਤੁਹਾਡੇ ਪਾਸ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਪਹੁੰਚ ਹੋਣ ਕਾਰਨ ਰਾਜ਼ੀਨਾਮਾ ਕਰਵਾਉਣ ਦੀ ਉਮੀਦ ਨਾਲ ਆਏ ਹਾਂ।

ਇਸ ਦੌਰਾਨ ਜਿਉਂ ਹੀ ਨਰਿੰਦਰ ਸਿੰਘ ਨੇ ਉਨਾਂ ਲਈ ਕੋਈ ਚਾਹ ਪਾਣੀ ਲੈਣ ਲਈ ਬਰਾਂਡੇ ‘ਚੋਂ ਉੱਠ ਕੇ ਅੰਦਰ ਗਏ ਤਾਂ ਉਕਤ ਵਿਅਕਤੀ ਵੀ ਪਿੱਛੇ ਹੀ ਚਲੇ ਗਏ, ਜਿਨਾਂ ਨਰਿੰਦਰ ਸਿੰਘ ਅਤੇ ਉਸ ਦੀ ਪਤਨੀ ਸੇਵਾ ਮੁਕਤ ਅਧਿਆਪਕਾ ਕੁਲਵੰਤ ਕੌਰ ਨੂੰ ਪਿਸਤੌਲ ਦੀ ਨੋਕ ‘ਤੇ ਇੱਕ ਕਮਰੇ ‘ਚ ਬੰਦੀ ਬਣਾਉਂਦਿਆਂ ਪਹਿਨੀਆਂ ਸੋਨੇ ਦੇ ਕੰਗਣ, ਮੁੰਦਰੀ, ਨਰਿੰਦਰ ਸਿੰਘ ਦੇ ਪਹਿਨਿਆ ਕੜਾ ਝਪਟ ਲਿਆ।ਇਸ ਤੋਂ ਬਾਅਦ ਇੱਕ ਜਣਾ ਉਨਾਂ ਕੋਲ ਖੜਾ ਰਿਹਾ ਅਤੇ ਦੂਸਰਾ ਨਾਲ ਦੇ ਕਮਰੇ ਵਿਚ ਪਈ ਅਲਮਾਰੀ ਤੇ ਹੋਰ ਸਮਾਨ ਦੀ ਫਰੋਲਾ-ਫਰਾਲੀ ਕਰਕੇ ਉਸ ਵਿਚੋਂ ਵੀ 10 ਤੋਲੇ ਸੋਨਾ ਆਦਿ ਚੁੱਕ ਲਿਆ, ਬਲਕਿ ਉਕਤ ਵਿਅਕਤੀਆਂ ਨੇ ਧਮਕੀ ਦਿੰਦਿਆ ਆਖਿਆ ਕਿ ਤੁਹਾਡੇ ਕੋਲ ਜੋ 25 ਬੋਰ ਦਾ ਲਾਇਸੰਸੀ ਪਿਸਟਲ ਹੈ, ਉਹ ਵੀ ਸਾਨੂੰ ਦੇ ਦਿਓ, ਨਹੀਂ ਤਾਂ ਦੋ ਮਿੰਟਾਂ ‘ਚ ਖਤਮ ਕਰ ਦਿਆਂਗੇ। ਇਸ ਉਪਰੰਤ ਉਕਤ ਵਿਅਕਤੀਆਂ ਬਾਹਰ ਨਾ ਨਿਕਲਣ ਦੀ ਧਮਕੀ ਦਿੱਤੀ ਅਤੇ ਉਨਾਂ ਦੇ ਮੋਬਾਇਲ ਫੋਨ ਵੀ ਖੋਹ ਲੈ ਗਏ। ਅਚਾਨਕ ਵਾਪਰੀ ਘਟਨਾ ਤੋਂ ਬਜ਼ੁਰਗ ਪਤੀ-ਪਤਨੀ ਕਾਫੀ ਸਹਿਮ ਗਏ ਸਨ। ਜਿਨਾਂ ਕਾਫੀ ਸਮੇਂ ਬਾਅਦ ਇਸ ਘਟਨਾ ਸਬੰਧੀ ਪੁਲਿਸ ਨੂੰ ਸੁਚਿਤ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਜਗਰੂਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਵੱਖ-ਵੱਖ ਪਹਿਲੂਆਂ ਤੋਂ ਕਾਰਵਾਈ ਕੀਤੀ ਜਾ ਰਹੀਆਂ ਹੈ ਅਤੇ ਚੋਰਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।