WORLD
ਇੰਗਲੈਂਡ ’ਚ ਸਿੱਖ ਔਰਤ ਨੂੰ ਦਰੜਨ ਦੇ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀ ਸਮੇਤ ਦੋ ਨੂੰ 6 ਸਾਲਾਂ ਦੀ ਕੈਦ
ਲੰਡਨ11 ਜਨਵਰੀ 2024 : ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਇਲਾਕੇ ’ਚ ਤੇਜ਼ ਰਫਤਾਰ ਨਾਲ ਗੱਡੀ ਚਲਾ ਰਹੇ ਦੋ ਵਿਅਕਤੀਆਂ ਨੂੰ ਸੜਕ ’ਤੇ ਚਲ ਰਹੀ ਇਕ ਬਜ਼ੁਰਗ ਬ੍ਰਿਟਿਸ਼ ਸਿੱਖ ਔਰਤ ਨੂੰ ਟੱਕਰ ਮਾਰ ਕੇ ਜਾਨ ਤੋਂ ਮਾਰ ਦੇਣ ਦੇ ਜੁਰਮ ’ਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਨਵੰਬਰ 2022 ਵਿਚ ਸੁਰਿੰਦਰ ਕੌਰ (81) ਦੀ ਮੌਤ ਤੋਂ ਬਾਅਦ ਇਸ ਹਫਤੇ ਵੋਲਵਰਹੈਂਪਟਨ ਕ੍ਰਾਊਨ ਕੋਰਟ ਨੇ ਅਰਜੁਨ ਦੁਸਾਂਝ (26) ’ਤੇ ਅੱਠ ਸਾਲ ਲਈ ਗੱਡੀ ਚਲਾਉਣ ’ਤੇ ਪਾਬੰਦੀ ਵੀ ਲਗਾ ਦਿਤੀ ਸੀ। ਸੁਰਿੰਦਰ ਕੌਰ ਅਪਣੇ ਸਥਾਨਕ ਗੁਰਦੁਆਰੇ ਤੋਂ ਘਰ ਵਾਪਸ ਜਾ ਰਹੀ ਸੀ ਜਦੋਂ ਉਸ ਨੂੰ ਟੱਕਰ ਮਾਰ ਦਿਤੀ ਗਈ।
ਅਦਾਲਤ ਨੇ ਸੁਣਿਆ ਕਿ ਦੁਸਾਂਝ ਨੇ ਸਹਿ-ਦੋਸ਼ੀ ਜੈਸੇਕ ਵਿਟ੍ਰੋਵਸਕੀ (51) ਨਾਲ ਮਿਲ ਕੇ ਹਾਦਸੇ ਤੋਂ ਪਹਿਲਾਂ ਅਚਾਨਕ ਟ੍ਰੈਫਿਕ ਲਾਈਟਾਂ ’ਤੇ ਇਕ-ਦੂਜੇ ਨਾਲ ਦੌੜ ਲਾਉਣ ਦਾ ਫੈਸਲਾ ਕੀਤਾ ਸੀ। ਇਸ ਤੋਂ ਪਹਿਲਾਂ ਹੋਈ ਸੁਣਵਾਈ ’ਚ ਦੋਹਾਂ ਨੇ ਖਤਰਨਾਕ ਤਰੀਕੇ ਨਾਲ ਗੱਡੀ ਚਲਾ ਕੇ ਮੌਤ ਦਾ ਦੋਸ਼ ਕਬੂਲ ਕਰ ਲਿਆ ਸੀ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਇਕੋ ਜਿਹੀ ਸਜ਼ਾ ਸੁਣਾਈ ਗਈ ਸੀ।
ਵੈਸਟ ਮਿਡਲੈਂਡਜ਼ ਪੁਲਿਸ ਦੀ ਗੰਭੀਰ ਟੱਕਰ ਜਾਂਚ ਇਕਾਈ ਦੇ ਡਿਟੈਕਟਿਵ ਸਾਰਜੈਂਟ ਕ੍ਰਿਸ ਰਿਜ ਨੇ ਦਸਿਆ ਕਿ ਸੁਰਿੰਦਰ ਕੌਰ ਅਪਣੇ ਸਥਾਨਕ ਗੁਰਦੁਆਰੇ ਤੋਂ ਵਾਪਸ ਆ ਰਹੀ ਸੀ। ਉਨ੍ਹਾਂ ਕਿਹਾ, ‘‘ਉਹ ਅਪਣੇ ਧਰਮ ਅਤੇ ਪਰਵਾਰ ਪ੍ਰਤੀ ਸਮਰਪਿਤ ਸੀ ਅਤੇ ਮੇਰੀ ਹਮਦਰਦੀ ਉਸ ਦੇ ਰਿਸ਼ਤੇਦਾਰਾਂ ਨਾਲ ਹੈ ਜੋ ਉਸ ਦੀ ਮੌਤ ਤੋਂ ਬਹੁਤ ਪ੍ਰਭਾਵਤ ਹੋਏ ਹਨ। ਵਿਆਟ੍ਰੋਵਸਕੀ ਅਤੇ ਦੁਸਾਂਝ ਇਕ-ਦੂਜੇ ਨੂੰ ਨਹੀਂ ਜਾਣਦੇ ਸਨ ਅਤੇ ਗੱਡੀਆਂ ਦੀ ਦੌੜ ਲਗਾ ਰਹੇ ਸਨ – ਇਸ ਖਤਰਨਾਕ ਅਤੇ ਮੂਰਖਤਾਪੂਰਨ ਕਾਰਵਾਈ ਨੇ ਇਕ ਜਾਨ ਗੁਆ ਦਿਤੀ। ਸੁਣਾਈ ਗਈ ਸਜ਼ਾ ਨਾਲ ਸੁਰਿੰਦਰ ਕੌਰ ਦੇ ਪਰਵਾਰ ’ਚ ਜੋ ਖਲਾਅ ਪੈਦਾ ਹੋਇਆ ਹੈ, ਉਸ ਨੂੰ ਕਦੇ ਨਹੀਂ ਭਰਿਆ ਜਾ ਸਕੇਗਾ ਅਤੇ ਮੈਂ ਉਨ੍ਹਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ।’’
ਅਦਾਲਤ ਨੂੰ ਦਸਿਆ ਗਿਆ ਕਿ ਦੋਵੇਂ ਗੱਡੀਆਂ ਤੇਜ਼ ਰਫਤਾਰ ਨਾਲ ਚਲ ਰਹੀਆਂ ਸਨ, ਜੋ ਹੱਦ ਤੋਂ ਬਹੁਤ ਜ਼ਿਆਦਾ ਸੀ। ਸੀ.ਸੀ.ਟੀ.ਵੀ. ਫੁਟੇਜ ’ਚ ਵਿਖਾਇਆ ਗਿਆ ਹੈ ਕਿ ਵਿਟ੍ਰੋਵਸਕੀ ਨੇ ਸੁਰਿੰਦਰ ਕੌਰ ਨੂੰ ਸੜਕ ਪਾਰ ਕਰਦੇ ਹੋਏ ਵੇਖਿਆ ਤਾਂ ਉਸ ਕਾਰ ਨੂੰ ਤੇਜ਼ੀ ਨਾਲ ਮੋੜ ਲਿਆ ਪਰ ਦੁਸਾਂਝ ਸੜਕ ਦੇ ਗਲਤ ਪਾਸੇ ਘੁੰਮ ਕੇ ਉਸ ਨਾਲ ਟਕਰਾ ਗਿਆ।
ਪੀੜਤਾ ਦੇ ਪਰਵਾਰ ਨੇ ਅਦਾਲਤ ਨੂੰ ਪੜ੍ਹ ਕੇ ਸੁਣਾਏ ਬਿਆਨ ’ਚ ਕਿਹਾ, ‘‘ਸਾਡੀ ਮਾਂ ਬਹੁਤ ਸਾਦਾ ਜੀਵਨ ਜੀਉਂਦੀ ਸੀ। ਉਹ ਇਕ ਡੂੰਘੀ ਧਾਰਮਕ ਔਰਤ ਸੀ, ਅਤੇ ਹਾਦਸੇ ਵਾਲੇ ਦਿਨ, ਉਹ ਗੁਰਦੁਆਰੇ ਤੋਂ ਘਰ ਜਾ ਰਹੀ ਸੀ। ਮਾਂ ਦੀ ਮੌਤ ਤੋਂ ਬਾਅਦ ਦੇ ਦਿਨ ਅਤੇ ਕਈ ਹਫਤੇ ਬਹੁਤ ਮੁਸ਼ਕਲ ਨਾਲ ਲੰਘੇ। ਅਪਣੇ ਨੁਕਸਾਨ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਸਾਨੂੰ ਚੱਲ ਰਹੀ ਪੁਲਿਸ ਜਾਂਚ ਨਾਲ ਵੀ ਨਜਿੱਠਣਾ ਪਿਆ।’’
ਬਿਆਨ ’ਚ ਕਿਹਾ ਗਿਆ, ‘‘ਅਸੀਂ ਸਾਰੇ ਅਪਣੀ ਮਾਂ ਦੇ ਗੁਆਉਣ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਸਾਰੇ ਬਹੁਤ ਸਾਰੀਆਂ ਵੱਖ-ਵੱਖ ਭਾਵਨਾਵਾਂ ’ਚੋਂ ਲੰਘੇ ਹਾਂ, ਪਰ ਆਖਰਕਾਰ, ਅਸੀਂ ਸਾਰੇ ਉਦਾਸ ਹਾਂ। ਦੁੱਖ ਦੀ ਗੱਲ ਹੈ ਕਿ ਇਕ ਪਰਵਾਰ ਦੇ ਤੌਰ ’ਤੇ ਅਸੀਂ ਜੋ ਵੀ ਮੀਲ ਪੱਥਰ ਮਨਾਉਂਦੇ ਹਾਂ, ਉਹ ਉਦਾਸੀ ਨਾਲ ਭਰ ਜਾਵੇਗਾ ਕਿਉਂਕਿ ਸਾਡੀ ਮਾਂ ਉੱਥੇ ਨਹੀਂ ਹੋਵੇਗੀ।’’
ਪੁਲਿਸ ਨੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਦੀਆਂ ਕਾਰਵਾਈਆਂ ਹਾਦਸਿਆਂ ਨੂੰ ਰੋਕਣ ’ਚ ਮਹੱਤਵਪੂਰਨ ਫਰਕ ਪਾ ਸਕਦੀਆਂ ਹਨ।