Punjab
ਵਟਸਐਪ ‘ਤੇ ਬੱਚਿਆਂ ਦੀ ਅਸ਼ਲੀਲ ਵੀਡੀਓ ਸਾਂਝੀ ਕਰਨ ਦੇ ਮਾਮਲੇ ‘ਚ ਮਾਨਸਾ ਦੀ ਫਾਸਟ ਟਰੈਕ ਅਦਾਲਤ ਨੇ ਸੁਣਾਈ 4 ਸਾਲ ਦੀ ਸਜ਼ਾ
ਮਾਨਸਾ ਦੀ ਸਥਾਨਕ ਫਾਸਟ ਟਰੈਕ ਅਦਾਲਤ ਨੇ ਇੱਕ ਵਟਸਐਪ ਗਰੁੱਪ ਵਿੱਚ ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਸ਼ੇਅਰ ਕਰਨ ਵਾਲੇ ਇੱਕ ਵਿਅਕਤੀ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ‘ਤੇ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜੂਨ 2020 ਵਿੱਚ ਪਿੰਡ ਚਕੇਰੀਆਂ ਦੇ ਵਸਨੀਕ ਹਰਜੀਤ ਸਿੰਘ ਨੇ ਵਟਸਐਪ ਗਰੁੱਪ ਵਿੱਚ ਬੱਚਿਆਂ ਦੀ ਇੱਕ ਅਸ਼ਲੀਲ ਵੀਡੀਓ ਸ਼ੇਅਰ ਕੀਤੀ ਸੀ।
ਸ਼ਿਕਾਇਤਾਂ ਮਿਲਣ ‘ਤੇ ਥਾਣਾ ਸਦਰ ਮਾਨਸਾ ਦੀ ਪੁਲਸ ਨੇ 21 ਜੂਨ, 2020 ਨੂੰ ਹਰਜੀਤ ਦੇ ਖਿਲਾਫ ਸੈਕਸੂਅਲ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਦੀ ਧਾਰਾ 14 ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67 ਬੀ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਫਾਸਟ ਟਰੈਕ ਅਦਾਲਤ ਮਾਨਸਾ ਮਨਜੋਤ ਕੌਰ ਨੇ ਦੋਸ਼ੀ ਨੂੰ ਚਾਰ ਸਾਲ ਦੀ ਕੈਦ ਅਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਛੇ ਮਹੀਨੇ ਦੀ ਕੈਦ ਕੱਟਣੀ ਪਵੇਗੀ।