Punjab
ਜਲੰਧਰ ਦੇ ਲਤੀਫਪੁਰਾ ਮਾਮਲੇ ‘ਚ ਕਿਸਾਨਾਂ ਦਾ ਆਇਆ ਐਲਾਨ,2 ਫਰਵਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰ ਦਾ ਕਰਨਗੇ ਘਿਰਾਓ

ਪੰਜਾਬ ‘ਚ ਜਲੰਧਰ ਦੇ ਲਤੀਫਪੁਰਾ ‘ਚ ਮਕਾਨ ਢਾਹੇ ਜਾਣ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਭੜਕ ਗਈਆਂ ਹਨ। 26 ਜਨਵਰੀ ਨੂੰ ਪੁਲੀਸ ਨਾਲ ਹੱਥੋਪਾਈ ਮਗਰੋਂ ਕਿਸਾਨ ਜਥੇਬੰਦੀਆਂ ਨੇ ਹੁਣ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕਾਂ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਫੈਸਲਾ ਕੀਤਾ ਹੈ ਕਿ 2 ਫਰਵਰੀ ਤੋਂ ਉਹ ਜਲੰਧਰ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨਗੇ ਅਤੇ ਬਾਹਰ ਧਰਨਾ ਦੇਣਗੇ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ 26 ਜਨਵਰੀ ਨੂੰ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ ਪਰ ਪੁਲੀਸ ਨੇ ਉਨ੍ਹਾਂ ਦਾ ਰਾਹ ਰੋਕ ਦਿੱਤਾ। ਇੰਨਾ ਹੀ ਨਹੀਂ ਪੁਲਸ ਨੇ ਔਰਤਾਂ ਅਤੇ ਬਜ਼ੁਰਗਾਂ ਨਾਲ ਵੀ ਕੁੱਟਮਾਰ ਕੀਤੀ।
ਕਿਸਾਨ ਤੇ ਪੁਲਿਸ ਵਿਚਾਲੇ ਝੜਪ
ਲਤੀਫਪੁਰਾ ਵਿੱਚ ਆਪਣੇ ਮਕਾਨਾਂ ਨੂੰ ਢਾਹੁਣ ਦੇ ਵਿਰੋਧ ਵਿੱਚ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਜਾ ਰਹੇ ਲੋਕਾਂ ਅਤੇ ਕਿਸਾਨਾਂ ਨੂੰ ਪੁਲੀਸ ਨੇ ਰੋਕ ਲਿਆ। ਇਸ ਦੌਰਾਨ ਝਗੜੇ ਵਿੱਚ ਇੱਕ ਕਿਸਾਨ ਬੇਹੋਸ਼ ਹੋ ਗਿਆ, ਜਦਕਿ ਕੁਝ ਔਰਤਾਂ ਦੇ ਵੀ ਸੱਟਾਂ ਲੱਗੀਆਂ। ਪ੍ਰਦਰਸ਼ਨਕਾਰੀ ਸਾਂਝੇ ਤੌਰ ’ਤੇ ਰੈਲੀ ਕੱਢ ਕੇ ਮੋਤੀਪੁਰਾ ਤੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਆ ਰਹੇ ਸਨ।
ਕਿਸਾਨਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜੇ ਹੋਏ ਸਨ
ਲਤੀਫਪੁਰਾ ਵਿੱਚ ਮਕਾਨ ਢਾਹੁਣ ਦੇ ਮਾਮਲੇ ਵਿੱਚ ਲਤੀਫਪੁਰਾ ਦੇ ਕਿਸਾਨ ਅਤੇ ਲੋਕ ਪੈਦਲ ਅਤੇ ਵਾਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਆ ਰਹੇ ਸਨ। ਕਿਸਾਨਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਆਪਣੇ ਘਰਾਂ ਨੂੰ ਢਾਹੁਣ ਦਾ ਵਿਰੋਧ ਕੀਤਾ। ਪੁਲੀਸ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਕੂਲ ਰੋਡ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ।