Connect with us

India

India vs England T20I: ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾ ਹਾਸਿਲ ਕੀਤੀ ਸ਼ਾਨਦਾਰ ਜਿੱਤ

Published

on

ਭਾਰਤ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਇੰਗਲੈਂਡ ਨੂੰ ਪੰਜਵੇਂ ਅਤੇ ਆਖ਼ਰੀ ਟੀ-20 ਮੈਚ ’ਚ 150 ਦੌੜਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਜਿੱਤ ਲਈ ਹੈ। ਦਰਅਸਲ ਭਾਰਤੀ ਟੀਮ ਦੇ ਸਟਾਰ ਓਪਨਰ ਅਭਿਸ਼ੇਕ ਸ਼ਰਮਾ ਨੇ ਐਤਵਾਰ (2 ਫਰਵਰੀ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਆਪਣੇ ਬੱਲੇ ਨਾਲ ਤਬਾਹੀ ਮਚਾ ਦਿੱਤੀ। ਉਸਨੇ ਸਿਰਫ਼ 37 ਗੇਂਦਾਂ ਵਿੱਚ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਅਭਿਸ਼ੇਕ ਨੂੰ ਸਿਕਸਰ ਕਿੰਗ ਯੁਵਰਾਜ ਸਿੰਘ ਦਾ ਚੇਲਾ ਦੱਸਿਆ ਜਾਂਦਾ ਹੈ। ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਐਤਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਭਾਰਤੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ। ਫਿਰ ਅਭਿਸ਼ੇਕ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ।

ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੀਆਂ 17 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਇਸ ਤੋਂ ਬਾਅਦ ਉਸਨੇ ਇਸਨੂੰ ਦੂਜੇ ਸਭ ਤੋਂ ਤੇਜ਼ ਸੈਂਕੜੇ ਵਿੱਚ ਬਦਲ ਦਿੱਤਾ। ਅਭਿਸ਼ੇਕ ਨੇ 37 ਗੇਂਦਾਂ ਵਿੱਚ ਤੇਜ਼ ਸੈਂਕੜਾ ਬਣਾਇਆ। ਉਹ ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਦੂਜਾ ਭਾਰਤੀ ਬਣ ਗਿਆ ਹੈ। ਆਪਣਾ ਸੈਂਕੜਾ ਪੂਰਾ ਕਰਨ ਲਈ ਅਭਿਸ਼ੇਕ ਨੇ 10 ਛੱਕੇ ਅਤੇ 5 ਚੌਕੇ ਲਗਾਏ।

ਇਸ ਮੈਚ ਵਿੱਚ ਅਭਿਸ਼ੇਕ ਨੇ ਭਾਰਤੀ ਟੀਮ ਲਈ 54 ਗੇਂਦਾਂ ਵਿੱਚ 135 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸਨੇ 13 ਛੱਕੇ ਅਤੇ 7 ਚੌਕੇ ਲਗਾਏ। ਜਦੋਂ ਕਿ ਤਿਲਕ ਵਰਮਾ ਨੇ 15 ਗੇਂਦਾਂ ਵਿੱਚ 24 ਦੌੜਾਂ ਬਣਾਈਆਂ। ਅਭਿਸ਼ੇਕ ਅਤੇ ਤਿਲਕ ਵਿਚਕਾਰ ਦੂਜੀ ਵਿਕਟ ਲਈ 43 ਗੇਂਦਾਂ ਵਿੱਚ 115 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਇਲਾਵਾ ਅਭਿਸ਼ੇਕ ਇਕੋ ਮੈਚ ‘ਚ ਸੈਂਕੜਾ ਜੜਨ ਵਾਲਾ ਤੇ ਗੇਂਦਬਾਜ਼ੀ ਕਰਦੇ ਹੋਏ ਵਿਕਟ ਲੈਣ ਵਾਲਾ ਵੀ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

ਦੱਸਣਯੋਗ ਹੈ ਕਿ ਅਭਿਸ਼ੇਕ ਸ਼ਰਮਾ ਨੇ ਸੰਜੂ ਸੈਮਸਨ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸਨੇ 40 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ। ਹਾਲਾਂਕਿ, ਭਾਰਤੀ ਬੱਲੇਬਾਜ਼ਾਂ ਵਿੱਚ ਰੋਹਿਤ ਸ਼ਰਮਾ ਦੇ ਨਾਂ 35 ਗੇਂਦਾਂ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਹੈ, ਜੋ ਅਜੇ ਵੀ ਅਟੁੱਟ ਹੈ। ਕੁੱਲ ਮਿਲਾ ਕੇ, ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਐਸਟੋਨੀਆ ਦੇ ਸਾਹਿਲ ਚੌਹਾਨ ਦੇ ਨਾਮ ਹੈ। ਪਿਛਲੇ ਸਾਲ, 17 ਜੂਨ 2024 ਨੂੰ, ਉਸਨੇ ਸਾਈਪ੍ਰਸ ਟੀਮ ਵਿਰੁੱਧ 27 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ।