Punjab
ਫਲਾਈਟ ‘ਚ ਕਿਰਪਾਨ ਲਿਜਾਣ ਦੀ ਇਜਾਜ਼ਤ ਲਈ ਬੰਬੇ ਹਾਈ ਕੋਰਟ ਪਹੁੰਚਿਆ ਇੰਡੀਗੋ ਦਾ ਪਾਇਲਟ
13 ਦਸੰਬਰ 2023: ਪ੍ਰਾਈਵੇਟ ਏਅਰਲਾਈਨ ਇੰਡੀਗੋ ਦੇ ਇੱਕ ਕਰਮਚਾਰੀ ਨੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਕਰਮਚਾਰੀ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਵੇ ਕਿ ਫਲਾਈਟ ਦੌਰਾਨ ਕਿਰਪਾਨ ਨੂੰ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇ। ਦੱਸ ਦੇਈਏ ਕਿਰਪਾਨ ਖਾਲਸੇ ਦੇ ਪੰਜ ਕਰਾਰਾਂ ਵਿਚੋਂ ਇਕ ਕਰਾਰ ਹੈ।
ਇੰਡੀਗੋ ਦਾ ਸੰਚਾਲਨ ਕਰਨ ਵਾਲੀ ਇੰਟਰਗਲੋਬ ਏਵੀਏਸ਼ਨ ਦੇ ਪਾਇਲਟ ਅੰਗਦ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅੰਗਦ ਨੇ ਆਪਣੀ ਪਟੀਸ਼ਨ ‘ਚ ਦਾਅਵਾ ਕੀਤਾ ਹੈ ਕਿ ਉਸ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਤਹਿਤ ਧਾਰਮਿਕ ਆਜ਼ਾਦੀ ਹੈ ਅਤੇ ਇਸ ਲਈ ਉਸ ਨੂੰ ਕਿਰਪਾਨ ਰੱਖਣ ਦਾ ਅਧਿਕਾਰ ਹੈ। ਇਸ ਮਾਮਲੇ ‘ਚ ਜਸਟਿਸ ਨਿਤਿਨ ਸਾਂਬਰੇ ਅਤੇ ਜਸਟਿਸ ਅਭੈ ਮੰਤਰੀ ਦੀ ਬੈਂਚ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਅਤੇ ਏਅਰਲਾਈਨ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ 2024 ਨੂੰ ਤੈਅ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਿੰਘ ਦੇ ਵਕੀਲ ਸਾਹਿਲ ਸ਼ਿਆਮ ਦੀਵਾਨੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਲਾਈਆਂ ਗਈਆਂ ਪਾਬੰਦੀਆਂ ਵਿਚ ਸੋਧ ਕਰਨ ਦੀ ਲੋੜ ਹੈ ਕਿਉਂਕਿ 12 ਮਾਰਚ 2022 ਨੂੰ ਸਰਕਾਰ ਨੇ ਸਿੱਖ ਯਾਤਰੀਆਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਦਿਤੀ ਸੀ। ਮੌਜੂਦਾ ਸਮੇਂ ਵਿੱਚ ਹਵਾਈ ਅੱਡਿਆਂ ਜਾਂ ਏਅਰਲਾਈਨਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਪਟੀਸ਼ਨ ‘ਚ ਅੰਗਦ ਨੇ ਦਾਅਵਾ ਕੀਤਾ ਹੈ ਕਿ ਇਹ ਨਿਯਮ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।