Connect with us

Punjab

ਹੁਣ ਸੌਖਾ ਨਹੀਂ ਹੋਵੇਗਾ ਬਿਜਲੀ ਬਿੱਲਾਂ ਦੀ ਅਦਾਇਗੀ ਕਰਨਾ, ਜਾਣੋ ਕਿਉਂ

Published

on

electricity

ਚੰਡੀਗੜ੍ਹ : ਪਾਵਰਕਾਮ ਦੇ ਕੈਸ਼ ਕਾਊਂਟਰਾਂ ’ਤੇ ਬਿਜਲੀ ਬਿੱਲਾਂ ਦੀ ਅਦਾਇਗੀ ਕਰਨੀ ਹੁਣ ਆਸਾਨ ਨਹੀਂ ਰਹੀ। ਹੁਣ ਜੇਕਰ ਤੁਹਾਡਾ ਬਿਜਲੀ ਬਿੱਲ 20 ਹਜ਼ਾਰ ਰੁਪਏ ਤੋਂ ਇਕ ਰੁਪਏ ਵੀ ਜ਼ਿਆਦਾ ਆਇਆ ਤਾਂ ਤੁਹਾਨੂੰ ਆਪਣੇ ਬਿਜਲੀ ਬਿੱਲ ਦੀ ਅਦਾਇਗੀ ਲਈ ਇਕ ਨਹੀਂ, ਸਗੋਂ 2 ਚੈੱਕ ਦੇਣੇ ਪੈਣਗੇ। ਇਹ ਚੈੱਕ ਇਕ ਦਿਨ ’ਚ ਪਾਵਰਕਾਮ ਵੱਲੋਂ ਖ਼ਪਤਕਾਰ ਤੋਂ ਨਹੀਂ ਲਏ ਜਾਂਦੇ। ਜਦੋਂ ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਸਫ਼ਾਈ ਦਿੱਤੀ ਕਿ ਵਿਭਾਗ ਦਾ ਸਿਸਟਮ ਹੀ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਉਹ ਇਕ ਖ਼ਪਤਕਾਰ ਦਾ 20000 ਤੱਕ ਦੀ ਰਾਸ਼ੀ ਦਾ ਇਕ ਚੈੱਕ ਹੀ ਇਕ ਦਿਨ ’ਚ ਮਨਜ਼ੂਰ ਕਰਦਾ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਕੋਲ ਮੁਲਾਜ਼ਮਾਂ ਦੀ ਭਾਰੀ ਕਮੀ ਹੈ। ਇਸ ਸਮੇਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖ਼ੁਦ ਹੀ ਚਾਹੁੰਦੀ ਹੈ ਕਿ ਖ਼ਪਤਕਾਰ ਆਨਲਾਈਨ ਪੇਮੈਂਟ ਵੱਲ ਵਧੇ। ਇਸ ਨਾਲ ਵਿਭਾਗ ਨੂੰ ਫ਼ਾਇਦਾ ਹੀ ਫ਼ਾਇਦਾ ਹੈ। ਇਕ ਤਾਂ ਵਿਭਾਗ ਨੂੰ ਮੈਨ ਪਾਵਰ ਦੀ ਲੋੜ ਨਹੀਂ ਰਹੇਗੀ, ਦੂਜਾ ਚੈੱਕ ਦੇ ਫੇਲ੍ਹ ਹੋਣ ਦੇ ਮਾਮਲੇ ਵੀ ਖ਼ਤਮ ਹੋ ਜਾਣਗੇ।

ਆਉਣ ਵਾਲੇ ਸਮੇਂ ’ਚ ਤਾਂ ਵਿਭਾਗ ਵੱਲੋਂ ਡੋਰ ਸਟੈੱਪ ਤੱਕ ਬਿਜਲੀ ਬਿੱਲ ਪਹੁੰਚਾਉਣ ਦੇ ਕੰਮ ਨੂੰ ਵੀ ਬੰਦ ਕਰ ਦੇਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਹੁਣ ਇਹ ਕੰਮ ਪਾਵਰਕਾਮ ਵੱਲੋਂ ਪ੍ਰਾਈਵੇਟ ਕੰਪਨੀਆਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਖ਼ਪਤਕਾਰਾਂ ਨੂੰ ਇਹ ਕਿਹਾ ਜਾਣ ਲੱਗਾ ਹੈ ਕਿ ਜੇਕਰ ਤੁਹਾਨੂੰ ਬਿਜਲੀ ਦਾ ਬਿੱਲ ਨਹੀਂ ਮਿਲਦਾ ਤਾਂ ਤੁਸੀਂ ਆਨਲਾਈਨ ਆਪਣਾ ਬਿਜਲੀ ਦਾ ਬਿੱਲ ਚੈੱਕ ਕਰਕੇ ਆਨਲਾਈਨ ਹੀ ਅਦਾ ਕਰ ਦਿਓ।

ਇਸ ਨਾਲ ਤੁਹਾਡਾ ਸਮਾਂ ਵੀ ਬਚੇਗਾ। ਪਰੇਸ਼ਾਨ ਖ਼ਪਤਕਾਰਾਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ 20 ਹਜ਼ਾਰ ਰੁਪਏ ਤੋਂ ਉੱਪਰ ਦੇ ਬਿਜਲੀ ਬਿੱਲਾਂ ਲਈ ਵੱਖ-ਵੱਖ ਚੈੱਕ ਨਾ ਲਏ ਜਾਣ, ਸਗੋਂ ਪਹਿਲਾਂ ਵਾਂਗ ਹੀ ਇਕ ਚੈੱਕ ਲਿਆ ਜਾਵੇ।