Punjab
ਜਗਜੀਤ ਸਿੰਘ ਡੱਲੇਵਾਲ ਦੀ ਹੋਰ ਵਿਗੜੀ ਸਿਹਤ

FARMERS PROTEST : ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਬੈਠੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦਾ 17ਵਾਂ ਦਿਨ ਜਾਰੀ ਹੈ। ਡੱਲੇਵਾਲ ਦਾ ਹੁਣ ਤੱਕ 12 ਕਿਲੋ ਭਾਰ ਘਟ ਗਿਆ ਹੈ।
ਸੂਤਰਾਂ ਮੁਤਾਬਕ ਕਿਸਾਨ ਅੰਦੋਲਨ ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋਣ ਜਾ ਰਹੇ ਹਨ, ਇਸ ਬਾਰੇ ਡੱਲੇਵਾਲ ਦਾ ਸੰਦੇਸ਼ ਹੋ ਸਕਦਾ ਹੈ। ਉਹ ਕਿਸਾਨਾਂ ਨੂੰ ਇਸ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਇਕੱਠੇ ਹੋਣ ਦਾ ਸੁਨੇਹਾ ਦੇ ਸਕਦੇ ਹਨ।
12 ਕਿਲੋ ਘਟਿਆ ਭਾਰ…
ਡੱਲੇਵਾਲ ਦੀ ਸਿਹਤ ਦੀ ਦੇਖ ਭਾਲ ਕਰ ਰਹੇ ਪ੍ਰਾਈਵੇਟ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਭਾਰ 12 ਕਿਲੋ ਤੋਂ ਵੱਧ ਘਟ ਗਿਆ ਹੈ। ਉਨ੍ਹਾਂ ਦੇ ਗੁਰਦੇ ਕਿਸੇ ਵੀ ਸਮੇਂ ਫੇਲ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਇੰਨਾ ਹੀ ਨਹੀਂ ਡਾਕਟਰਾਂ ਮੁਤਾਬਕ ਲੰਬੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਉਨ੍ਹਾਂ ਦੇ ਲੀਵਰ ‘ਚ ਵੀ ਸਮੱਸਿਆ ਹੋ ਸਕਦੀ ਹੈ।
ਕੱਲ੍ਹ ਕਿਸਾਨਾਂ ਨੇ ਡੱਲੇਵਾਲ ਦਾ ਚੈਕਅੱਪ ਕਰਨ ਆਈ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਵੀ ਰੋਕ ਲਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਪਹਿਲਾਂ ਡੱਲੇਵਾਲ ਦੀ ਹੁਣ ਤੱਕ ਹੋਈ ਜਾਂਚ ਦੀ ਰਿਪੋਰਟ ਦੇਣੀ ਪਵੇਗੀ, ਉਸ ਤੋਂ ਬਾਅਦ ਹੀ ਸਰਕਾਰੀ ਡਾਕਟਰਾਂ ਨੂੰ ਡੱਲੇਵਾਲ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਕਿਸਾਨ ਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਹਨ…
- ਮੁਕੰਮਲ ਕਰਜ਼ਾ ਮੁਆਫੀ ਦੀ ਮੰਗ। ਕਰਜਾ ਭਾਵੇਂ ਸ਼ਾਹੂਕਾਰ ਦਾ ਹੋਵੇ ਜਾਂ ਬੈਂਕ ਦਾ।
- ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਕੇ ਫ਼ਸਲਾਂ ਦੇ ਭਾਅ ਤੈਅ ਕੀਤੇ ਜਾਣ ਤੇ ਖ਼ਰੀਦ ਦੀ ਗਾਰੰਟੀ।
- ਨਾੜ ਸਾੜਨ ਦਾ ਪ੍ਰਬੰਧ ਸਰਕਾਰ ਕਰੇ ਜਾਂ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ।
- ਝੋਨੇ ਦੀ ਪਰਾਲੀ ‘ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ।
- ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ।
- ਫ਼ਸਲਾਂ ਬਰਬਾਦ ਕਰ ਰਹੇ ਅਵਾਰਾ ਪਸ਼ੂਆਂ ਦਾ ਪੱਕਾ ਹੱਲ ਕੀਤਾ ਜਾਵੇ।
- ਕਿਸਾਨਾਂ ਤੇ ਮਜ਼ਦੂਰਾਂ ਦੇ ਹਰੇਕ ਘਰ ਵਿੱਚੋਂ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।