Punjab
ਪੰਜਾਬੀਆਂ ਦੀ ਬਦਨਾਮੀ ਤੇ ਹਿਮਾਚਲ ਵਾਲਿਆਂ ਨੂੰ ਸਲਾਹ! ਕੰਗਨਾ ਰਣੌਤ ਨੇ ਫੇਰ ਤੋਂ ਦਿੱਤਾ ਵਿਵਾਦਿਤ ਬਿਆਨ
ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਇਕ ਵਾਰ ਫੇਰ ਤੋਂ ਵਿਵਾਦਿਤ ਬਿਆਨ ਦਿੱਤਾ ਹੈ।ਇਸ ਵਿਵਾਦਿਤ ਬਿਆਨ ਵਿੱਚ ਉਸ ਨੇ ਬਿਨ੍ਹਾਂ ਨਾਂ ਲਏ ਪੰਜਾਬੀਆਂ ਦੀ ਭੰਡੀ ਕੀਤੀ ਹੈ। ਦਰਅਸਲ ਬੀਤੇ ਕੱਲ੍ਹ ਗਾਂਧੀ ਜਯੰਤੀ ਮੌਕੇ ਇਕ ਸਮਾਗਮ ਦੌਰਾਨ ਕੰਗਨਾ ਰਣੌਤ ਨੇ ਪੰਜਾਬੀਆਂ ਵੱਲ ਉਂਗਲ ਚੁੱਕਦੇ ਹੋਏ ਵਿਵਾਦਿਤ ਬਿਆਨ ਦਿੱਤਾ ਹੈ। ਸਮਾਗਮ ਵਿਚ ਸੰਬੋਧਨ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਸਾਡੇ ਅੱਗੇ-ਪਿੱਛੇ ਦੇ ਸੂਬਿਆਂ ਤੋਂ ਨਵੀਆਂ-ਨਵੀਆਂ ਚੀਜ਼ਾਂ ਇੱਥੇ ਆਉਣ ਲੱਗ ਜਾਂਦੀਆਂ ਹਨ। ਭਾਵੇਂ ਚਿੱਟਾ ਹੋਵੇ, ਭਾਵੇ ਉਗਰਤਾ ਹੋਵੇ, ਭਾਵੇਂ ਕੁਝ ਵੀ ਹੋਵੇ, ਤੁਹਾਨੂੰ ਪਤਾ ਹੀ ਹੈ ਮੈਂ ਕਿਸ ਸੂਬੇ ਦੀ ਗੱਲ ਕਰ ਰਹੀ ਹਾਂ। ਇਨ੍ਹਾਂ ਦਾ ਸੁਭਾਅ ਬੜਾ ਗਰਮ ਹੁੰਦਾ ਹੈ ਤੇ ਬੜੇ ਹੁੱਲੜਬਾਜ਼ ਹੁੰਦੇ ਹਨ। ਇਹ ਨਸ਼ੇ ਕਰਦੇ ਨੇ, ਸ਼ਰਾਬਾਂ ਪੀਂਦੇ ਨੇ ਤੇ ਹੁੱਲੜਬਾਜ਼ੀ ਕਰਦੇ ਹਨ। ਮੇਰੀ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਦੇ ਪ੍ਰਭਾਅ ਵਿਚ ਨਾ ਆਉਣ। ਅਸੀਂ ਇਨ੍ਹਾਂ ਤੋਂ ਕੁਝ ਨਹੀਂ ਸਿਖਣਾ। ਇਨ੍ਹਾਂ ਨੇ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਗਾਂਧੀ ਜਯੰਤੀ ਮੌਕੇ ਸ਼ੇਅਰ ਕੀਤੀ ਵਿਵਾਦਿਤ ਪੋਸਟ-
ਇੱਥੇ ਦੱਸ ਦੇਈਏ ਕਿ ਇਸ ਵਿਵਾਦਿਤ ਬਿਆਨ ਤੋਂ ਪਹਿਲਾਂ ਕੰਗਨਾ ਰਣੌਤ ਨੇ ਇਕ ਵਿਵਾਦਿਤ ਪੋਸਟ ਪਾਈ ਜਿਸ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਈ ਹੈ। ਇਹ ਪੋਸਟ ਕੰਗਨਾ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਸ਼ੇਅਰ ਕੀਤੀ ਹੈ, ਜਿਸ ਕਾਰਨ ਇਕ ਵਾਰ ਫਿਰ ਉਹ ਸੁਰਖੀਆਂ ਵਿੱਚ ਆ ਗਈ ਹੈ। ਦਰਅਸਲ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ- ‘‘ਦੇਸ਼ ਦਾ ਬੇਟਾ ਦੇਸ਼ ਦਾ ਬਾਪ ਨਹੀਂ ਹੁੰਦਾ। ਧੰਨ ਹਨ ਭਾਰਤ ਮਾਤਾ ਦੇ ਇਹ ਪੁੱਤਰ।’’ ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਲਗਾਈ ਹੈ।
ਆਪਣੀ ਪਾਰਟੀ ‘ਚੋਂ ਹੀ ਕੰਗਨਾ ਦਾ ਵਿਰੋਧ ਸ਼ੁਰੂ-
ਦੱਸ ਦਈਏ ਕਿ ਕੰਗਨਾ ਨੇ ਗਾਂਧੀ ਜਯੰਤੀ ਮੌਕੇ ਵੀ ਅਜਿਹਾ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਆਪਣੀ ਪਾਰਟੀ ਵਿਚੋਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕੰਗਨਾ ਰਣੌਤ ਜੋ ਕਿ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਸਟਾਰ ਵੀ ਹੈ। ਉਨ੍ਹਾਂ ਨੇ ਗਾਂਧੀ ਬਾਰੇ ਬਿਆਨ ਦਿੱਤਾ ਹੈ। ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਗਰੇਵਾਲ ਨੇ ਕਿਹਾ ਕਿ ਕੰਗਨਾ ਮਹਾਤਮਾ ਗਾਂਧੀ ਨੂੰ ਪਸੰਦ ਨਹੀਂ ਕਰਦੀ ਸੀ। ਪਰ ਉਹ ਲਾਲ ਬਹਾਦਰ ਸ਼ਾਸਤਰੀ ਨੂੰ ਪਸੰਦ ਕਰਦੇ ਸਨ।ਕੋਈ ਉਨ੍ਹਾਂ ਨੂੰ ਦੱਸੇ ਕਿ ਲਾਲ ਬਹਾਦਰ ਸ਼ਾਸਤਰੀ ਗਾਂਧੀ ਦੇ ਸਭ ਤੋਂ ਵੱਡੇ ਸਮਰਥਕ ਸਨ। ਜੇਕਰ ਤੁਸੀਂ ਚੇਲੇ ਦੀ ਇੱਜ਼ਤ ਕਰ ਰਹੇ ਹੋ ਅਤੇ ਉਸ ਦੇ ਮਾਰਗਦਰਸ਼ਕ ਦਾ ਅਪਮਾਨ ਕਰ ਰਹੇ ਹੋ, ਤਾਂ ਇਹ ਕਿੱਥੋਂ ਦੀ ਸਿਆਣਪ ਹੈ? ਕੰਗਨਾ ਦਾ ਵਿਚਾਰ ਨਾਥ ਰਾਮੂ ਗੋਡਸੇ ਦਾ ਵਿਚਾਰ ਹੈ। ਦੇਸ਼ ਦੀ ਆਜ਼ਾਦੀ ਵਿੱਚ ਗਾਂਧੀ ਦਾ ਯੋਗਦਾਨ ਸਭ ਦੇ ਸਾਹਮਣੇ ਹੈ। ਮੈਨੂੰ ਲੱਗਦਾ ਹੈ ਕਿ ਮੰਡੀ ਦੇ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਰੱਬ ਉਸਨੂੰ ਬੁੱਧੀ ਦੇਵੇ। ਉਸ ਨੂੰ ਅਜਿਹੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ।