National
ਕੇਜਰੀਵਾਲ ਸਰਕਾਰ ਸ਼ਹੀਦਾਂ ਦੇ ਪਰਿਵਾਰ ਨੂੰ 1 ਕਰੋੜ ਦੀ ਦੇਵੇਗੀ ਸਨਮਾਨ ਰਾਸ਼ੀ
ਦਿੱਲੀ ਸਰਕਾਰ ਨੇ ਦੇਸ਼ ਦੀ ਸੇਵਾ ਕਰਦੇ ਹੋਏ ਜਾਨ ਗੁਆਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫੰਰਸ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅੱਜ ਯਾਨੀ ਸ਼ਨੀਵਾਰ ਨੂੰ ਹੋਈ ਸਰਕਾਰ ਦੀ ਬੈਠਕ ‘ਚ ਇਸ ‘ਤੇ ਫ਼ੈਸਲਾ ਲਿਆ ਗਿਆ ਹੈ। ਹਵਾਈ ਫ਼ੌਜ ‘ਚ ਜਾਨ ਗੁਆਉਣ ਵਾਲੇ, ਦਿੱਲੀ ਪੁਲਿਸ ਤੇ ਗੈਰ-ਫ਼ੌਜੀ ਸੁਰੱਖਿਆ ਦੇ 6 ਕਰਮੀਆਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਸਿਸੋਦੀਆ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਦੇ ਜਵਾਨਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ।
ਉਨ੍ਹਾਂ ਨੇ ਕਿਹਾ,”ਜਵਾਨਾਂ ਦਾ ਸ਼ਹੀਦ ਹੋਣਾ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੁੰਦਾ ਹੈ। ਕੇਜਰੀਵਾਲ ਸਰਕਾਰ ਨੇ ਸੱਤਾ ‘ਚ ਆਉਣ ਤੋਂ ਬਾਅਦ ਅਜਿਹੇ ਕਰਮੀਆਂ ਦੇ ਪਰਿਵਾਰਾਂ ਨੂੰ ਸਨਮਾਨ ਰਾਸ਼ੀ ਮੁਹੱਈਆ ਕਰਨ ਲਈ ਯੋਜਨਾ ਸ਼ੁਰੂ ਕੀਤੀ ਹੈ ਤਾਂ ਕਿ ਇਹ ਉਨ੍ਹਾਂ ਲਈ ਆਮਦਨ ਦਾ ਸਰੋਤ ਬਣ ਸਕੇ ਅਤੇ ਉਹ ਮਾਣ ਨਾਲ ਜੀਵਨ ਜੀ ਸਕਣ।”