Punjab
ਕਿਸਾਨ ਅੰਦੋਲਨ: ਹਰਿਆਣਾ ਪ੍ਰਸ਼ਾਸ਼ਨ ਨੇ ਖੋਲ੍ਹੇ ਬਾਰਡਰ , ਮੁੜ ਤੋਂ ਸ਼ੁਰੂ ਹੋਵੇਗੀ ਆਵਾਜਾਈ
5 ਮਾਰਚ 2024: ਕਿਸਾਨ ਅੰਦੋਲਨ ਕਾਰਨ ਦਿੱਲੀ ਚੰਡੀਗੜ੍ਹ ਹਾਈਵੇਅ ਲਗਾਤਾਰ ਕਈ ਦਿਨਾਂ ਤੋਂ ਬੰਦ ਰਿਹਾ ਹੈ । ਹੁਣ ਪੁਲਿਸ ਨੇ ਇਸ ਦਿੱਲੀ ਚੰਡੀਗੜ੍ਹ ਹਾਈਵੇਅ ਦੀ ਇੱਕ ਲੇਨ ਖੋਲ੍ਹ ਦਿੱਤੀ ਹੈ। ਅੰਬਾਲਾ ਪ੍ਰਸ਼ਾਸਨ ਨੇ ਦੇਰ ਰਾਤ ਅੰਬਾਲਾ-ਚੰਡੀਗੜ੍ਹ ਹਾਈਵੇਅ ਦੇ ਦੋਵੇਂ ਪਾਸੇ ਸਿੰਗਲ ਲੇਨ ਖੋਲ੍ਹ ਦਿੱਤੀ ਹੈ। ਕੱਲ੍ਹ ਰਾਤ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ ।
ਬਾਰਡਰ ਬੰਦ ਹੋਣ ਤੋਂ ਬਾਅਦ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਲਾਕਾ ਨਿਵਾਸੀ ਸਰਕਾਰ ਤੋਂ ਇਸ ਸੜਕ ਨੂੰ ਖੁਲ੍ਹਵਾਉਣ ਦੀ ਅਪੀਲ ਕਰ ਰਹੇ ਸਨ। ਲੋਕਾਂ ਦੀ ਅਪੀਲ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਇਹ ਰਸਤਾ ਖੋਲ੍ਹ ਦਿੱਤਾ ਹੈ । ਸੜਕ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਅੰਬਾਲਾ ਪੁਲਿਸ ਨੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਇਹ ਰਸਤਾ ਖੋਲਿਆ ਹੈ।ਦੱਸਣਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਪੰਜਾਬ ਤੋਂ ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਸਨ।
ਪੰਜਾਬ ਤੋਂ ਆਉਣ ਵਾਲੇ ਸਾਰੇ ਰਸਤੇ ਪਿਛਲੇ 20 ਦਿਨਾਂ ਤੋਂ ਲਗਾਤਾਰ ਬੰਦ ਰਹੇ ਹਨ। ਇਨ੍ਹਾਂ ਸਾਰੀਆਂ ਸਰਹੱਦਾਂ ‘ਤੇ ਹਰ ਸਮੇਂ ਭਾਰੀ ਪੁਲਿਸ ਫੋਰਸ ਮੌਜੂਦ ਰਹਿੰਦੀ ਸੀ । ਕਿਉਂਕਿ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਸੀ ।