Punjab
ਸਿਗਨਲ ਐਪ ਰਾਹੀਂ ਜੇਲ ‘ਚ ਹੋਈ ਸੀ ਲਾਰੈਂਸ ਦੀ ਇੰਟਰਵਿਊ, ਹਾਈਕੋਰਟ ‘ਚ SIT ਨੇ ਕੀਤਾ ਖੁਲਾਸਾ
7 ਮਾਰਚ 2024: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਸਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਖੁਲਾਸਾ ਕੀਤਾ ਹੈ ਕਿ ਇੰਟਰਵਿਊ ਲਈ ਸਿਗਨਲ ਐਪ ਦੀ ਵਰਤੋਂ ਕੀਤੀ ਗਈ ਸੀ। ਐਸਆਈਟੀ ਮੁਤਾਬਿਕ ਇਸ ਯੰਤਰ ਨੂੰ ਜਲਦੀ ਹੀ ਜ਼ਬਤ ਕਰ ਲਿਆ ਜਾਵੇਗਾ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ ਡੀਜੀਪੀ (ਮਨੁੱਖੀ ਅਧਿਕਾਰ) ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਐਸਆਰਈਟੀ ਨੂੰ ਸੌਂਪ ਦਿੱਤੀ ਸੀ।
ਐਸਆਈਟੀ ਨੇ ਬੁੱਧਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਇੰਟਰਵਿਊ ਸਿਗਨਲ ਐਪ ਰਾਹੀਂ ਹੀ ਕੀਤੀ ਗਈ ਸੀ। ਜਾਂਚ ਜਾਰੀ ਹੈ ਅਤੇ ਕੁਝ ਅਹਿਮ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਅਜਿਹੇ ‘ਚ ਹਾਈਕੋਰਟ ਤੋਂ ਤਿੰਨ ਮਹੀਨੇ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਤੋਂ ਪੁੱਛਿਆ ਕਿ ਪਿਛਲੇ ਇੱਕ ਮਹੀਨੇ ਵਿੱਚ ਜੇਲ੍ਹ ਵਿੱਚੋਂ ਕਿੰਨੇ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ। ਇਸ ਦੇ ਨਾਲ ਹੀ ਜੇਲ ‘ਚ ਜ਼ਿਆਦਾਤਰ ਸਟਾਫ ਠੇਕੇ ‘ਤੇ ਹੈ, ਉਨ੍ਹਾਂ ਦੀ ਰੈਗੂਲਰ ਭਰਤੀ ਕਦੋਂ ਹੋਵੇਗੀ?
ਸਰਕਾਰ ਨੇ ਕਿਹਾ- ਛੇ ਜੇਲ੍ਹਾਂ ਵਿੱਚ ਲਾਈਵ ਤਾਰ ਲਗਾਉਣ ਦਾ ਕੰਮ ਪੂਰਾ
ਲਾਈਵ ਤਾਰ ਵਾੜ ਬਾਰੇ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਕੰਮ ਛੇ ਜੇਲ੍ਹਾਂ ਵਿੱਚ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ 10 ਜੇਲ੍ਹਾਂ ਵਿੱਚ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਲੈਂਡਲਾਈਨ ਦੇ ਪ੍ਰਬੰਧ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਹ ਕੰਮ ਵੀ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ‘ਤੇ ਇਸ ਸਬੰਧੀ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।