Religion
ਭਗਵਾਨ ਸ਼੍ਰਿਕ੍ਰਿਸ਼ਨ ਨੇ ਗੀਤਾ ‘ਚ ਕਿਹਾ – ਮੋਹ-ਮਾਇਆ ਦਾ ਤਿਆਗ
ਭਗਵਾਨ ਸ੍ਰੀਕ੍ਰਿਸ਼ਨ ਨੇ ਗੀਤਾ ‘ਚ ਮਨੁੱਖ ਨੂੰ ਆਪਣੇ ਮਨ ਤੋਂ ਮੋਹ-ਮਾਇਆ ਦੇ ਬੰਧਨ ਨੂੰ ਤਿਆਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਵਿਸ਼ਿਆਂ ਜਾਂ ਵਸਤਾਂ ਬਾਰੇ ਸੋਚਦੇ ਰਹਿਣ ਨਾਲ ਮਨੁੱਖ ਉਨ੍ਹਾਂ ਦੇ ਮੋਹ-ਮਾਇਆ ਵਿਚ ਡੁੱਬ ਜਾਂਦਾ ਹੈ। ਇਸ ਨਾਲ ਉਸ ਵਿਚ ਕਾਮਨਾ ਅਰਥਾਤ ਇੱਛਾ ਪੈਦਾ ਹੁੰਦੀ ਹੈ ਅਤੇ ਕਾਮਨਾਵਾਂ ਵਿਚ ਵਿਘਨ ਆਉਣ ’ਤੇ ਕਰੋਧ ਜਨਮ ਲੈਂਦਾ ਹੈ। ਗੀਤਾ ਦੇ ਸ਼ਲੋਕ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਦਾ ਨੈਤਿਕ ਪਤਨ ਇਸੇ ਕਾਰਨ ਹੁੰਦਾ ਹੈ। ਇਸ ਤੋਂ ਬਚਣ ਦਾ ਇਕ ਉਪਾਅ ਤਾਂ ਇਹੀ ਹੈ ਕਿ ਮਨੁੱਖ ਜੋ ਵੀ ਕਰਮ ਕਰੇ, ਉਹ ਸਮੇਂ ’ਤੇ ਛੱਡ ਕੇ ਕਰੇ। ਅਰਥਾਤ ਉਸ ਨੂੰ ਉਸ ਦੇ ਫ਼ਲ-ਭੋਗ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਦੇਖਿਆ ਜਾਵੇ ਤਾਂ ਸੰਸਾਰਕ ਮੋਹ-ਮਾਇਆ ਤੋਂ ਦੂਰ ਰਹਿਣਾ ਹੀ ਨਿਰਲੇਪਤਾ ਹੈ। ਜਦ ਕੋਈ ਵਿਅਕਤੀ ਸਰੀਰ ਤੋਂ ਪ੍ਰਾਪਤ ਸੁੱਖ ਨੂੰ ਹੀ ਅਸਲੀ ਸੁੱਖ ਮੰਨ ਲੈਂਦਾ ਹੈ, ਤਦੇ ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਪ੍ਰੇਮ ਅਤੇ ਮੋਹ ਵਿਚ ਵੀ ਬਹੁਤ ਫ਼ਰਕ ਹੈ। ਜਦ ਵਿਅਕਤੀਆਂ ਤੇ ਵਸਤਾਂ ਪ੍ਰਤੀ ਕਿਸੇ ਦੇ ਮਨ ਵਿਚ ਇੰਨਾ ਲਗਾਅ ਹੋ ਜਾਵੇ ਕਿ ਉਨ੍ਹਾਂ ਨੂੰ ਹਾਸਲ ਕਰਨ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਵੇ, ਸਾਰੀਆਂ ਮਰਿਆਦਾਵਾਂ ਨੂੰ ਪਾਰ ਕਰ ਜਾਵੇ ਤਾਂ ਸਮਝੋ ਇਹੀ ਮਾਇਆ ਦੀਆਂ ਬੇੜੀਆਂ ਹਨ। ਇਹੀ ਮੋਹ ਹੈ। ਦੂਜੇ ਲਫ਼ਜ਼ਾਂ ਵਿਚ ਕਹੀਏ ਤਾਂ ਕਿਸੇ ਪਿਆਰੀ ਵਸਤ ਜਾਂ ਵਿਅਕਤੀ ਨੂੰ ਨਾ ਛੱਡ ਪਾਉਣਾ ਹੀ ਮੋਹ ਹੈ।
ਗੋਸਵਾਮੀ ਤੁਲਸੀਦਾਸ ਜੀ ਨੇ ਰਾਮਚਰਿਤਮਾਨਸ ਦੇ ਬਾਲਕਾਂਡ ਵਿਚ ਲਿਖਿਆ ਹੈ, ‘ਜਾਸੁ ਸਤਯਤਾ ਤੇ ਜੜ ਮਾਯਾ।’ ਅਰਥਾਤ ਮਾਇਆ ਜੜ੍ਹ ਹੈ। ਜਦ ਅਸੀਂ ਕੁਹਾੜੀ ਨਾਲ ਜੜ੍ਹ ’ਤੇ ਵਾਰ ਕਰਦੇ ਹਾਂ, ਤਦ ਹੀ ਕੁਹਾੜੀ ਲੱਕੜੀ ਨੂੰ ਕੱਟਦੀ ਹੈ। ਉਸੇ ਤਰ੍ਹਾਂ ਮਾਇਆ ਭਗਵਾਨ ਦੀ ਸ਼ਕਤੀ ਹਾਸਲ ਕਰ ਕੇ ਕੰਮ ਕਰਦੀ ਹੈ। ਅਸਲ ਵਿਚ ਖ਼ੁਦ ਦੇ ਮੂਲ ਦਾ ਬੋਧ ਹੋ ਜਾਣਾ ਹੀ ਮਾਇਆ ਤੋਂ ਮੁਕਤੀ ਦਾ ਰਾਹ ਪਕੇਰਾ ਕਰਦਾ ਹੈ। ਜਿਸ ਪਲ ਸਾਨੂੰ ਆਪਣੇ-ਆਪ ਬਾਰੇ ਗਿਆਨ ਹੋ ਜਾਂਦਾ ਹੈ, ਉਸੇ ਪਲ ਸਾਡਾ ਜੀਵਨ ਮੋਹ-ਮਾਇਆ ਤੋਂ ਵੀ ਮੁਕਤ ਹੋ ਜਾਂਦਾ ਹੈ। ਹਰੇਕ ਵਿਅਕਤੀ ਸਫਲਤਾ ਹਾਸਲ ਕਰਨੀ ਚਾਹੁੰਦਾ ਹੈ ਅਤੇ ਪੂਰੇ ਮਨ ਨਾਲ ਪ੍ਰਾਪਤ ਕਰਨੀ ਚਾਹੁੰਦਾ ਹੈ ਪਰ ਉਨ੍ਹਾਂ ਵਿਚੋਂ ਕਈ ਅਸਫਲ ਹੋ ਜਾਂਦੇ ਹਨ। ਉਨ੍ਹਾਂ ਦੀ ਅਸਫਲਤਾ ਦਾ ਕਾਰਨ ਹੈ ਮੋਹ-ਮਾਇਆ। ਜੋ ਵਿਅਕਤੀ ਇਨ੍ਹਾਂ ਵਿਕਾਰਾਂ ’ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ, ਸਫਲਤਾ ਉਸ ਦੇ ਕਦਮ ਚੁੰਮਦੀ ਹੈ ਅਤੇ ਉਸ ਦਾ ਲੋਕ-ਪਰਲੋਕ ਸੁਧਰਨ ਲੱਗਦਾ ਹੈ।