Connect with us

Punjab

ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

Published

on

murder case

ਗੜ੍ਹਦੀਵਾਲਾ : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਅਰਗੋਵਾਲ ਵਿਖੇ ਇਕ ਨੌਜਵਾਨ ਨੂੰ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਗੰਭੀਰ ਰੂਪ ਵਿਚ ਜ਼ਖ਼ਮੀ ਉਕਤ ਨੌਜਵਾਨ ਦੀ ਜ਼ੇਰੇ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਰਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਅਰਗੋਵਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੇ ਦਿਨ ਕਰੀਬ ਉਹ ਆਪਣੇ ਮੋਟਰਸਾਈਕਲ ‘ਤੇ ਬਾਬਾ ਕੇਸਰ ਦਾਸ ਦੇ ਗੁਰਦਵਾਰਾਂ ਤੋ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਅਰਗੋਵਾਲ ਨੂੰ ਜਾ ਰਿਹਾ ਸੀ ਤਾਂ ਮੇਰੇ ਅੱਗੇ-ਅੱਗੇ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਉਰਫ਼ ਗੀਪਾ ਆਪਣੇ ਮੋਟਰਸਾਈਕਲ ਸੀ. ਟੀ.100 ‘ਤੇ ਸਵਾਰ ਜਾ ਰਿਹਾ ਸੀ। 

ਇਸ ਦੌਰਾਨ ਪਿੱਛੋਂ ਇਕ ਤੇਜ਼ ਰਫ਼ਤਾਰ ਸਵਿੱਫਟ ਗੱਡੀ ਰੰਗ ਚਿੱਟਾ ਆਈ ਜਦੋਂ ਗੁਰਦੀਪ ਸਿੰਘ ਉਰਫ਼ ਗੀਪਾ ਭਨੋਟ ਜਠੇਰਿਆਂ ਲਾਗੇ ਪੁੱਜਾ ਤਾਂ ਗੱਡੀ ਚਾਲਕ ਜਸਕਰਨ ਸਿੰਘ ਪੁੱਤਰ ਹਰਬਖ਼ਸ ਸਿੰਘ ਵਾਸੀ ਤਲਵੰਡੀ ਜੱਟਾ ਗੁਰਦੀਪ ਸਿੰਘ ਗੀਪਾ ਦੇ ਮੋਟਰਸਾਈਕਲ ਦੇ ਪਿੱਛੇ ਗੱਡੀ ਮਾਰ ਕੇ ਹੇਠਾਂ ਸੁੱਟ ਲਿਆ। ਜਸਕਰਨ ਸਿੰਘ ਨੇ ਗੱਡੀ ਰੋਕਣ ਉਪਰੰਤ ਗੱਡੀ ਵਿਚੋਂ ਤੇਜ਼ਧਾਰ ਖੰਡਾ ਕੱਢਿਆ ਅਤੇ ਦੂਜੀ ਸਾਈਡ ਗੱਡੀ ਵਿੱਚ ਬੈਠੇ ਬਿੰਦੀ ਪੁੱਤਰ ਹਰਬਖ਼ਸ਼ ਸਿੰਘ ਵਾਸੀ ਤਲਵੰਡੀ ਜੱਟਾ ਨੇ ਮਸੱਲਾ ਖੰਡਾ ਲੈ ਕੇ ਬਾਹਰ ਨਿਕਲਿਆ ਅਤੇ ਇਨਾਂ ਨਾਲ 2/3 ਹੋਰ ਵਿਅਕਤੀ ਸਨ, ਜਿਨ੍ਹਾਂ ਨੇ ਮੂੰਹ ਬੰਨੇ ਸਨ। ਉਹ ਕਿਰਪਾਨਾਂ ਲੈ ਕੇ ਬਾਹਰ ਨਿਕਲੇ, ਜਿਨ੍ਹਾਂ ਨੇ ਮੇਰੇ ਚਾਚੇ ਦੇ ਲੜਕੇ ਗੁਰਦੀਪ ਸਿੰਘ ਗੀਪਾ ‘ਤੇ ਆਪਣੇ ਦਸਤੀ ਹਥਿਆਰਾਂ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਤਿੱਖੇ ਹਥਿਆਰਾਂ ਨਾਲ ਗੁਰਦੀਪ ਸਿੰਘ ਗੀਪਾ ਦੇ ਸਿਰ, ਸੱਜੇ ਕੰਨ, ਸੱਜੀ ਬਾਂਹ, ਸੱਜੇ ਪੱਟ ਅਤੇ ਸੱਜੇ ਪੈਰ ‘ਤੇ ਹਮਲੇ ਕੀਤੇ। 

ਉਕਤ ਹਮਲਾਵਰਾਂ ਵੱਲੋਂ ਗੁਰਦੀਪ ਸਿੰਘ ਗੀਪਾ ਨੂੰ ਮਾਰ ਦੇਣ ਦੀ ਨੀਅਤ ਨਾਲ ਆਪੋ-ਆਪਣੇ ਹਥਿਆਰਾਂ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਹੈ। ਜਿਸ ਉਪਰੰਤ ਸਾਰੇ ਆਪਣੇ ਹਥਿਆਰਾਂ ਸਮੇਤ ਗੱਡੀ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੇ ਬਾਅਦ ਗੁਰਦੀਪ ਸਿੰਘ ਗੀਪਾ ਸਿਵਲ ਹਸਪਤਾਲ ਭੂੰਗਾ ਵਿਖੇ ਜ਼ੇਰੇ ਇਲਾਜ਼ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਉੱਥੇ ਵੀ ਗੁਰਦੀਪ ਸਿੰਘ ਗੀਪਾ ਦੀ ਹਾਲਤ ਨਾਜ਼ੁਕ ਵੇਖਦਿਆਂ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਗੜ੍ਹਦੀਵਾਲਾ ਪੁਲਸ ਵੱਲੋਂ ਰਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਅਰਗੋਵਾਲ ਦੇ ਬਿਆਨਾਂ ‘ਤੇ  ਜਸਕਰਨ ਸਿੰਘ ਅਤੇ ਬਿੰਦੀ ਪੁੱਤਰਾਨ ਹਰਬਖ਼ਸ ਸਿੰਘ ਵਾਸੀ ਤਲਵੰਡੀ ਜੱਟਾ ਸਮੇਤ ਅਣਪਛਾਤਿਆਂ ਖ਼ਿਲਾਫ਼ 323,324,307,148,149 ਆਈ .ਪੀ. ਸੀ. ਤਹਿਤ ਮਾਮਲ ਦਰਜ ਕੀਤਾ ਗਿਆ ਸੀ ਪਰ ਉਕਤ ਵਿਅਕਤੀ ਦੀ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਵਿਚ ਮੌਤ ਹੋਈ ਹੈ। ਹੁਣ ਪੁਲਸ ਵੱਲੋਂ ਜ਼ੁਰਮ ਵਿੱਚ ਵਾਧਾ ਕਰਕੇ ਉਕਤ ਕਥਿਤ ਦੋਸੀਆਂ ਖ਼ਿਲਾਫ਼ ਹੋਰ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।