Connect with us

WORLD

ਦੁਬਈ ਜੇਲ੍ਹ ’ਚ 2 ਸਾਲ ਤੋਂ ਬੰਦ ਹੈ ਮਾਛੀਵਾਡ਼ਾ ਦਾ ਨੌਜਵਾਨ ਮਨਪ੍ਰੀਤ ਸਿੰਘ

Published

on

24 ਜਨਵਰੀ 2024: ਮਾਛੀਵਾਡ਼ਾ ਦੀ ਇੰਦਰਾ ਕਾਲੋਨੀ ਦਾ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਨੀ (25) ਜੋ ਕਿ ਰੋਜ਼ਗਾਰ ਲਈ ਦੁਬਈ ਗਿਆ ਸੀ ਅਤੇ ਉੱਥੇ ਪਿਛਲੇ 2 ਸਾਲ ਤੋਂ ਜੇਲ੍ਹ ਵਿਚ ਬੰਦ ਹੈ ਜਿਸ ’ਤੇ ਵਿਧਵਾ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਸਰਕਾਰ ਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਹੈ। ਵਿਧਵਾ ਮਾਂ ਪਰਮਜੀਤ ਕੌਰ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸਦਾ ਨੌਜਵਾਨ ਪੁੱਤਰ ਮਨਪ੍ਰੀਤ ਸਿੰਘ ਰੋਜ਼ਗਾਰ ਤੇ ਆਪਣੇ ਚੰਗੇ ਭਵਿੱਖ ਲਈ 2019 ਵਿਚ ਦੁਬਈ ਗਿਆ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਥੇ ਇੱਕ ਕੰਪਨੀ ਵਿਚ ਕੰਮ ਰਿਹਾ ਸੀ ਜਿੱਥੇ ਕਿ ਉਸਦੀ ਸੁਪਰਵਾਈਜ਼ਰ ਨਾਲ ਤਕਰਾਰ ਹੋ ਗਈ ਅਤੇ ਉੱਥੋਂ ਨੌਕਰੀ ਛੱਡ ਕਿਸੇ ਹੋਰ ਲਡ਼ਕਿਆਂ ਨਾਲ ਕਮਰਿਆਂ ਵਿਚ ਰਹਿਣ ਲੱਗ ਪਿਆ ਸੀ। ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਇਹ ਆਪਣੇ ਨਵੇਂ ਦੋਸਤਾਂ ਨਾਲ ਕਮਰੇ ਵਿਚ ਰਹਿ ਰਿਹਾ ਸੀ ਕਿ ਉੱਥੇ ਪੁਲਸ ਨੇ ਛਾਪੇਮਾਰੀ ਕਰ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪਰਿਵਾਰਕ ਮੈਂਬਰਾਂ ਅਨੁਸਾਰ ਪੁਲਸ ਵਲੋਂ ਕਾਬੂ ਕੀਤੇ ਗਏ ਮਨਪ੍ਰੀਤ ਸਿੰਘ ਦੇ ਸਾਥੀ ਨਸ਼ਾ ਕਰਨ ਦੇ ਆਦੀ ਸਨ ਅਤੇ ਪੁਲਸ ਨੇ ਉਸਦੇ ਲਡ਼ਕੇ ’ਤੇ ਵੀ ਨਾਜਾਇਜ਼ ਡਰੱਗ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ। ਮਾਂ ਨੇ ਦੱਸਿਆ ਕਿ ਜਦੋਂ ਉਸਦੇ ਲਡ਼ਕੇ ਦਾ ਫੋਨ ਬੰਦ ਆਉਣਾ ਸ਼ੁਰੂ ਹੋ ਗਿਆ ਅਤੇ ਉਸਦੇ ਦੋਸਤਾਂ ਤੋਂ ਜਾਣਕਾਰੀ ਲਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਇਸ ਸਮੇਂ ਦੁਬਈ ਜੇਲ੍ਹ ਵਿਚ ਬੰਦ ਹੈ। ਵਿਧਵਾ ਮਾਂ ਨੇ ਅੱਖਾਂ ਵਿਚ ਹੰਝੂ ਭਰਦਿਆਂ ਦੱਸਿਆ ਕਿ ਉਸਦਾ ਪੁੱਤਰ ਬੇਕਸੂਰ ਹੈ ਅਤੇ ਪਿਛਲੇ 2 ਸਾਲ ਤੋਂ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਰੱਖਡ਼ੀ ਵਾਲੇ ਦਿਨ ਦੁਬਈ ਦੀ ਜੇਲ੍ਹ ’ਚੋਂ ਫੋਨ ਆਇਆ ਸੀ ਜਿਸ ਵਿਚ ਕੇਵਲ 2 ਮਿੰਟ ਹੀ ਗੱਲਬਾਤ ਹੋਈ ਅਤੇ ਉਸ ਤੋਂ ਬਾਅਦ ਉਹ ਆਪਣੇ ਪੁੱਤਰ ਦੀ ਰਿਹਾਈ ਲਈ ਅਰਦਾਸਾਂ ਕਰ ਰਹੀ ਹੈ। ਵਿਧਵਾ ਮਾਂ ਪਰਮਜੀਤ ਕੌਰ ਅਤੇ ਉਸਦੇ ਭਰਾ ਅਸ਼ਵਨੀ ਕੁਮਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਕਿ ਉਸਦੇ ਬੇਕਸੂਰ ਪੁੱਤਰ ਨੂੰ ਦੁਬਈ ਜੇਲ੍ਹ ’ਚੋਂ ਰਿਹਾਅ ਕਰਵਾਇਆ ਜਾਵੇ।