Punjab
ਗੁਰੂ ਪਰਿਵਾਰ ਦੀਆਂ ਸ਼ਹਾਦਤਾਂ- ਗੁਰੂ ਤੇਗ਼ ਬਹਾਦਰ ਜੀ ਤੋਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਤੱਕ
ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਸਿਰਫ਼ ਸਿੱਖ ਇਤਿਹਾਸ ਹੀ ਨਹੀਂ, ਸਗੋਂ ਸਮੂਹ ਭਾਰਤੀ ਇਤਿਹਾਸ ਦੀ ਅਟੁੱਟ ਤੇ ਅਮਰ ਧਰੋਹਰ ਹਨ। ਅੱਜ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਇਸ ਪਾਵਨ ਅਵਸਰ ‘ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਜੋ ਦੇਣਾ ਹੈ, ਉਹ ਅਸੀਂ ਕਦੇ ਵੀ ਉਤਾਰ ਨਹੀਂ ਸਕਦੇ। ਬਾਬਾ ਬੁੱਲ੍ਹੇ ਸ਼ਾਹ ਦੇ ਇਹ ਬਚਨ ਕਿ “ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ” ਅੱਜ ਵੀ ਇਤਿਹਾਸਕ ਸੱਚ ਵਜੋਂ ਗੂੰਜਦੇ ਹਨ। ਜੇਕਰ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ, ਤਾਂ ਅੱਜ ਭਾਰਤ ਦੀ ਧਾਰਮਿਕ, ਸੱਭਿਆਚਾਰਕ ਅਤੇ ਆਤਮਿਕ ਤਸਵੀਰ ਕੁਝ ਹੋਰ ਹੀ ਹੁੰਦੀ।
ਗੁਰੂ ਪਰਿਵਾਰ ਦੀਆਂ ਸ਼ਹਾਦਤਾਂ ਦੀ ਲੜੀ ਗੁਰੂ ਗੋਬਿੰਦ ਸਿੰਘ ਜੀ ਤੱਕ ਸੀਮਤ ਨਹੀਂ ਰਹਿੰਦੀ। ਇਸ ਦੀ ਸ਼ੁਰੂਆਤ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਹੁੰਦੀ ਹੈ, ਜਿਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਸਿਰ ਝੁਕਾਉਣ ਤੋਂ ਇਨਕਾਰ ਕਰਨ ਦੀ ਰੀਤ ਪਾਈ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਦੇ ਕੇ ਸਿੱਖ ਕੌਮ ਨੂੰ ਇਹ ਸੰਦੇਸ਼ ਦਿੱਤਾ ਕਿ ਭਗਤੀ ਦੇ ਨਾਲ-ਨਾਲ ਸ਼ਕਤੀ ਵੀ ਲਾਜ਼ਮੀ ਹੈ। ਉਨ੍ਹਾਂ ਨੇ ਮੁਗਲ ਫ਼ੌਜਾਂ ਨਾਲ ਯੁੱਧ ਕਰਕੇ ਸਿੱਖਾਂ ਨੂੰ ਜ਼ੁਲਮ ਅੱਗੇ ਡਟ ਕੇ ਖੜ੍ਹੇ ਹੋਣ ਦਾ ਹੁਨਰ ਸਿਖਾਇਆ। ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦੇ ਸਮੇਂ ਭਾਵੇਂ ਸਿੱਖ ਸ਼ਾਂਤ ਰਹੇ, ਪਰ ਮੁਗਲ ਹਕੂਮਤ ਦਾ ਜ਼ੁਲਮ ਜਾਰੀ ਰਿਹਾ।
ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਔਰੰਗਜ਼ੇਬ ਦੀ ਧਾਰਮਿਕ ਤਾਨਾਸ਼ਾਹੀ ਹੱਦਾਂ ਪਾਰ ਕਰ ਗਈ। ਹਿੰਦੂਆਂ ਨੂੰ ਜ਼ਬਰੀ ਧਰਮ ਬਦਲਣ ਲਈ ਤਸ਼ੱਦਦ ਕੀਤਾ ਗਿਆ।1675 ਕਸ਼ਮੀਰੀ ਪੰਡਿਤਾਂ ਦੀ ਦਰਦਨਾਕ ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜਨੇਊ ਦੀ ਰੱਖਿਆ ਲਈ ਆਪਣਾ ਸੀਸ ਵਾਰ ਦਿੱਤਾ। ਇਹ ਸ਼ਹਾਦਤ ਮਨੁੱਖੀ ਅਧਿਕਾਰਾਂ ਅਤੇ ਧਰਮਿਕ ਆਜ਼ਾਦੀ ਦੀ ਰੱਖਿਆ ਲਈ ਇਤਿਹਾਸ ਦੀ ਸਭ ਤੋਂ ਵੱਡੀ ਮਿਸਾਲ ਬਣ ਗਈ। ਜਦੋਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਅਤੇ ਇਹ ਦੱਸਿਆ ਕਿ ਔਰੰਗਜ਼ੇਬ ਦੇ ਜ਼ੁਲਮ ਵਿਰੁੱਧ ਗਿਣਤੀ ਦੇ ਹੀ ਲੋਕ ਖੜ੍ਹੇ ਹੋਏ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਕਲਪ ਲਿਆ ਕਿ ਉਹ ਐਸਾ ਖਾਲਸਾ ਤਿਆਰ ਕਰਨਗੇ ਜੋ ਜ਼ੁਲਮ ਦੇ ਸਾਹਮਣੇ ਕਦੇ ਨਾ ਝੁਕੇਗਾ ਅਤੇ ਲੱਖਾਂ ਚੋਂ ਵੱਖਰਾ ਨਜ਼ਰ ਆਏਗਾ।
ਇਸ ਸੰਕਲਪ ਨੂੰ ਸਾਕਾਰ ਕਰਦਿਆਂ 1699 ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਹੋਈ। ਖਾਲਸੇ ਨੇ ਮੁਗਲ ਸਲਤਨਤ ਦੀ ਨੀਂਹ ਹਿਲਾ ਦਿੱਤੀ ਅਤੇ ਸਪੱਸ਼ਟ ਕਰ ਦਿੱਤਾ ਕਿ ਹੁਣ ਭਾਰਤ ਦੇ ਲੋਕ ਚੁੱਪਚਾਪ ਜ਼ੁਲਮ ਸਹਿਣ ਵਾਲੇ ਨਹੀਂ। ਖਾਲਸੇ ਦੀ ਵਧਦੀ ਤਾਕਤ ਤੋਂ ਘਬਰਾਕੇ ਪਹਾੜੀ ਰਾਜਿਆਂ ਨੇ ਮੁਗਲਾਂ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਧੋਖਾ ਕੀਤਾ। ਗਊ ਅਤੇ ਗੀਤਾ ਦੀਆਂ ਕਸਮਾਂ ਖਾ ਕੇ ਆਨੰਦਪੁਰ ਛਡਵਾਇਆ ਗਿਆ, ਪਰ ਜਿਵੇਂ ਹੀ ਗੁਰੂ ਸਾਹਿਬ ਅਤੇ ਖਾਲਸਾ ਫੌਜ ਨੇ ਕਿਲ੍ਹਾ ਛੱਡਿਆ, ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਸਰਸਾ ਨਦੀ ‘ਤੇ ਗੁਰੂ ਪਰਿਵਾਰ ਦਾ ਵਿਛੋੜਾ ਪੈ ਗਿਆ।
ਚਮਕੌਰ ਦੀ ਗੜ੍ਹੀ ਵਿੱਚ ਚਾਲੀ ਸਿੰਘਾਂ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਲੱਖਾਂ ਦੀ ਫ਼ੌਜ ਦਾ ਸਾਹਮਣਾ ਕੀਤਾ। ਇਸ ਯੁੱਧ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸਮੇਤ ਅਨੇਕਾਂ ਸਿੰਘ ਸ਼ਹੀਦ ਹੋਏ। ਸਿੰਘਾਂ ਦੇ ਹੁਕਮ ਅਨੁਸਾਰ ਗੁਰੂ ਸਾਹਿਬ ਨੇ ਗੜ੍ਹੀ ਛੱਡੀ ਤਾਂ ਜੋ ਖਾਲਸਾ ਪੰਥ ਦੀ ਲੜਾਈ ਜਾਰੀ ਰਹੇ। ਉੱਧਰ 26 ਦਸੰਬਰ 1704 ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਦੀ ਗੱਦਾਰੀ ਕਾਰਨ ਗ੍ਰਿਫ਼ਤਾਰ ਹੋ ਗਏ। ਸੂਬਾ ਸਰਹਿੰਦ ਵੱਲੋਂ ਧਮਕੀਆਂ, ਲਾਲਚ ਅਤੇ ਧਰਮ ਬਦਲਣ ਦੇ ਦਬਾਅ ਦੇ ਬਾਵਜੂਦ ਸਾਹਿਬਜ਼ਾਦੇ ਡਟੇ ਰਹੇ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਵੱਡੇ ਹੋ ਕੇ ਉਹ ਆਪਣੇ ਪਿਤਾ ਵਾਂਗ ਜ਼ੁਲਮ ਦੇ ਵਿਰੁੱਧ ਫੌਜ ਤਿਆਰ ਕਰਨਗੇ।
ਆਖ਼ਿਰਕਾਰ 27 ਦਸੰਬਰ 1704 ਨੂੰ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਇਹ ਸ਼ਹਾਦਤਾਂ ਸਿਰਫ਼ ਇਤਿਹਾਸਕ ਘਟਨਾਵਾਂ ਨਹੀਂ, ਸਗੋਂ ਜ਼ੁਲਮ ਦੇ ਵਿਰੁੱਧ ਅਡਿੱਗ ਰਹਿਣ ਦਾ ਸਦੀਵੀ ਸੰਦੇਸ਼ ਹਨ। ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਸੰਗਤਾਂ ਸਿਰਫ਼ ਸ਼ਰਧਾਂਜਲੀ ਨਹੀਂ ਭੇਟ ਕਰ ਰਹੀਆਂ, ਸਗੋਂ ਇਹ ਵਚਨ ਵੀ ਦੇ ਰਹੀਆਂ ਹਨ ਕਿ ਇਨ੍ਹਾਂ ਕੁਰਬਾਨੀਆਂ ਦੀ ਰੂਹ ਨੂੰ ਜਿਉਂਦਾ ਰੱਖਿਆ ਜਾਵੇਗਾ। ਅਸੀਂ ਵੀ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਉਨ੍ਹਾਂ ਦੀ ਸ਼ਹਾਦਤ ਨੂੰ ਸਦੀਵ ਨਮਨ ਕਰਦੇ ਹਾਂ।
ਕੁਲਵੰਤ ਸਿੰਘ ਗੱਗੜਪੁਰੀ

