Sports
ਮੈਰੀਕਾਮ ਨੇ ਕੀਤਾ ਜਿੱਤ ਦਾ ਸ਼ਾਨਦਾਰ ਆਗਾਜ਼, ਜਾਗੀ ਤਮਗੇ ਦੀ ਆਸ
6 ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ ਮੈਰੀਕਾਮ ਨੇ ਐਤਵਾਰ ਨੂੰ ਇੱਥੇ ਸ਼ੁਰੂਆਤੀ ਰਾਉਂਡ ਵਿਚ ਡੋਮੇਨਿਕਾ ਗਣਰਾਜ ਦੀ ਮਿਗੁਏਲੀਨਾ ਹਰਨਾਡੇਜ਼ ਗਾਰਸੀਆ ਨੂੰ ਹਰਾ ਕੇ ਓਲੰਪਿਕ ਖੇਡਾਂ ਦੇ ਪ੍ਰੀ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਸਾਲ 2012 ਓਲੰਪਿਕ ਖੇਡਾਂ ਦੀ ਕਾਂਸੀ ਤਮਗਾ ਜੇਤੂ ਮੈਰੀਕਾਮ ਨੇ ਆਪਣੇ ਤੋਂ 15 ਸਾਲ ਜੂਨੀਅਰ ਅਤੇ ਪੈਨ ਅਮਰੀਕੀ ਖੇਡਾਂ ਦੀ ਕਾਂਸੀ ਤਮਗਾ ਜੇਤੂ ਨੂੰ 4-1 ਨਾਲ ਮਾਤ ਦਿੱਤੀ। ਮੁਕਾਬਲਾ ਸ਼ੁਰੂ ਤੋਂ ਹੀ ਕਾਫ਼ੀ ਰੋਮਾਂਚਕ ਰਿਹਾ, ਜਿਸ ਵਿਚ ਮੈਰੀਕਾਮ ਨੇ ਕੁੱਝ ਸ਼ਾਨਦਾਰ ਤਕਨੀਕ ਦਿਖਾਈ ਅਤੇ ਗਾਰਸੀਆ ਦੀ ਸਖ਼ਤ ਚੁਣੌਤੀ ਨੂੰ ਹਰਾ ਦਿੱਤਾ। ਪਹਿਲੇ ਰਾਊਂਡ ਵਿਚ ਮੈਰੀਕਾਮ ਨੇ ਆਪਣੇ ਵਿਰੋਧੀ ਨੂੰ ਪਰਖਣ ਦਾ ਸਮਾਂ ਲਿਆ ਪਰ ਇਸ ਦੇ ਬਾਅਦ ਤਜ਼ਰਬੇਕਾਰ ਮੁੱਕੇਬਾਜ਼ ਨੇ ਤੀਜੇ ਰਾਉਂਡ ਦੇ 3 ਮਿੰਟ ਵਿਚ ਹਮਲਾਵਰਤਾ ਦਿਖਾਈ। ਗਾਰਸੀਆ ਨੇ ਹਾਲਾਂਕਿ ਦੂਜੇ ਰਾਉਂਡ ਵਿਚ ਕੁੱਝ ਦਮਦਾਰ ਮੁੱਕਿਆਂ ਨਾਲ ਅੰਕ ਜੁਟਾਏ। ਮੈਰੀਕਾਮ ਨੇ ਆਪਣੇ ਦਮਦਾਰ ‘ਰਾਈਟ ਹੁੱਕ’ ਨਾਲ ਪੂਰੇ ਮੁਕਾਬਲੇ ਦੌਰਾਨ ਦਬਦਬਾ ਬਣਾਈ ਰੱਖਿਆ। ਉਨ੍ਹਾਂ ਨੇ ਗਾਰਸੀਆ ਨੂੰ ਖ਼ੁਦ ਵੱਲ ਵੱਧਣ ਲਈ ਉਕਸਾਇਆ ਵੀ ਤਾਂ ਕਿ ਉਨ੍ਹਾਂ ਨੂੰ ਸਹੀ ਮੁੱਕੇ ਜੜਨ ਲਈ ਜਗ੍ਹਾ ਮਿਲ ਜਾਏ। ਡੋਮੇਨਿਕਾ ਗਣਰਾਜ ਦੀ ਮੁੱਕੇਬਾਜ ਨੇ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਹ ਮੁੱਕੇ ਸਹੀ ਤਰੀਕੇ ਨਾਲ ਹੀ ਮਾਰ ਸਕੀ। ਚਾਰ ਬੱਚਿਆਂ ਦੀ ਮਾਂ ਮੈਰੀਕਾਮ ਹੁਣ ਅਗਲੇ ਰਾਉਂਡ ਦੇ ਮੁਕਾਬਲੇ ਵਿਚ ਕੋਲੰਬੀਆ ਦੀ ਤੀਜਾ ਦਰਜਾ ਪ੍ਰਾਪਤ ਇੰਗ੍ਰਿਟ ਵਾਲੇਂਸੀਆ ਨਾਲ ਭਿੜੇਗੀ, ਜੋ 2016 ਰਿਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਹੈ।