Connect with us

Punjab

ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਸਿੱਧਵਾਂ ਕੈਨਾਲ ਵਾਟਰਫਰੰਟ ਫੇਜ਼-2 ਤੇ ਲੈਜ਼ਰ ਵੈਲੀ ਦਾ ਕੀਤਾ ਉਦਘਾਟਨ

Published

on

ਹਰਿਆਲੀ ਅਧੀਨ ਰਕਬੇ ਨੂੰ ਵਧਾਉਣ ਅਤੇ ਟਿਕਾਊ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਆਤਮ ਨਗਰ ਹਲਕੇ ਵਿੱਚ ਨਹਿਰ ਦੇ ਨਾਲ ਸਥਾਪਤ ਸਿੱਧਵਾਂ ਕੈਨਾਲ ਵਾਟਰਫਰੰਟ ਫੇਜ਼-2 ਅਤੇ ਲੈਜ਼ਰ ਵੈਲੀ ਦਾ ਉਦਘਾਟਨ ਕੀਤਾ।

ਇਸ ਮੌਕੇ ਮੰਤਰੀ ਦੇ ਨਾਲ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਨਗਰ ਨਿਗਮ ਕਮਿਸ਼ਨਰ ਡਾ. ਸ਼ੀਨਾ ਅਗਰਵਾਲ, ਜ਼ੋਨਲ ਕਮਿਸ਼ਨਰ (ਜ਼ੋਨ ਡੀ) ਜਸਦੇਵ ਸਿੰਘ ਸੇਖੋਂ ਅਤੇ ਹੋਰ ਹਾਜ਼ਰ ਸਨ।

ਸਿੱਧਵਾਂ ਕੈਨਾਲ ਵਾਟਰਫਰੰਟ ਫੇਜ਼-2 ਨੂੰ ਨਹਿਰ ਦੇ ਨਾਲ-ਨਾਲ ਜਵੱਦੀ ਨਹਿਰ ਦੇ ਪੁਲ ਤੋਂ ਸ਼ੁਰੂ ਹੋ ਕੇ ਦੁੱਗਰੀ ਨਹਿਰ ਦੇ ਪੁਲ ਤੱਕ ਸਥਾਪਿਤ ਕੀਤਾ ਗਿਆ ਹੈ, ਜਦੋਂ ਕਿ ਇਸੇ ਹਿੱਸੇ ‘ਤੇ ਦੁੱਗਰੀ ਨਹਿਰ ਦੇ ਪੁਲ ਤੋਂ ਸ਼ੁਰੂ ਹੋ ਕੇ ਧੂਰੀ ਰੇਲਵੇ ਕਰਾਸਿੰਗ ਤੱਕ ਲੈਜ਼ਰ ਵੈਲੀ ਸਥਾਪਤ ਕੀਤੀ ਗਈ ਹੈ।

ਨਹਿਰ ਦੇ ਨਾਲ ਲੱਗਦੇ ਲਗਭਗ 2.3 ਕਿਲੋਮੀਟਰ (ਲੰਬਾਈ) ਹਿੱਸੇ ਨੂੰ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਅਧੀਨ ਕਵਰ ਕੀਤਾ ਗਿਆ ਹੈ ਅਤੇ ਦੋ ਗ੍ਰੀਨ ਬੈਲਟਾਂ ਵਿੱਚ ਸਜਾਵਟੀ ਪੌਦਿਆਂ ਸਮੇਤ ਲਗਭਗ 25000 ਬੂਟੇ/ਪੌਦੇ ਲਗਾਏ ਗਏ ਹਨ।

ਡਾ. ਨਿੱਜਰ ਅਤੇ ਵਿਧਾਇਕ ਸਿੱਧੂ ਨੇ ਦੱਸਿਆ ਕਿ ਸਿੱਧਵਾਂ ਕੈਨਾਲ ਵਾਟਰਫਰੰਟ ਫੇਜ਼-2 ਲਗਭਗ 32000 ਵਰਗ ਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ 5.06 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ।

ਵਾਟਰਫਰੰਟ ਪ੍ਰੋਜੈਕਟ ਦੇ ਨਾਲ ਇੱਕ ਸਾਈਕਲ ਟਰੈਕ (1100 ਮੀਟਰ ਲੰਬਾਈ) ਵੀ ਸਥਾਪਿਤ ਕੀਤਾ ਗਿਆ ਹੈ।

ਗ੍ਰੀਨ ਬੈਲਟ ਦੇ ਦੋਵੇਂ ਐਂਟਰੀ ਪੁਆਇੰਟਾਂ ‘ਤੇ ਫੁੱਟਪਾਥਾਂ ਅਤੇ ਕੈਨੋਪੀਜ਼ ਤੋਂ ਇਲਾਵਾ, ਪਾਰਕਿੰਗ ਲਈ ਕਾਫੀ ਥਾਂਵਾਂ ਵਿਕਸਿਤ ਕੀਤੀਆਂ ਗਈਆਂ ਹਨ।

ਇਸੇ ਤਰ੍ਹਾਂ 3.14 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਤਹਿਤ ਨਹਿਰ ਦੇ ਨਾਲ-ਨਾਲ ਦੁੱਗਰੀ ਨਹਿਰ ਦੇ ਪੁਲ ਤੋਂ ਲੈ ਕੇ ਧੂਰੀ ਲਾਈਨ ਰੇਲਵੇ ਕਰਾਸਿੰਗ ਤੱਕ ਲੈਜ਼ਰ ਵੈਲੀ ਵਿਕਸਤ ਕੀਤੀ ਗਈ ਹੈ।

ਲੈਜ਼ਰ ਵੈਲੀ ਲਗਭਗ 9800 ਵਰਗ ਮੀਟਰ ਖੇਤਰ ਵਿੱਚ ਸਥਾਪਿਤ ਕੀਤੀ ਗਈ ਹੈ। ਫੁੱਟਪਾਥਾਂ ਅਤੇ ਕੈਨੋਪੀਜ਼ ਤੋਂ ਇਲਾਵਾ ਗਰੀਨ ਬੈਲਟ ਵਿੱਚ ਝੂਲੇ ਵੀ ਲਗਾਏ ਗਏ ਹਨ।

ਡਾ. ਨਿੱਜਰ ਨੇ ਕਿਹਾ ਕਿ ਹਰਿਆਲੀ ਅਧੀਨ ਰਕਬਾ ਵਧਾਉਣ ‘ਤੇ ਸੂਬਾ ਸਰਕਾਰ ਵਿਸ਼ੇਸ਼ ਧਿਆਨ ਦੇਣ ਦੇ ਨਾ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਧਵਾਂ ਨਹਿਰ ਸਮੇਤ ਹਰੇ-ਭਰੇ ਖੇਤਰ ਅਤੇ ਅਤੇ ਪਾਣੀ ਵਾਲੀਆਂ ਥਾਵਾਂ (ਵਾਟਰ ਬਾਡੀਜ਼) ਨੂੰ ਸਾਫ ਸੁਥਰਾ ਰੱਖਣ ਲਈ ਅਧਿਕਾਰੀਆਂ ਦਾ ਸਹਿਯੋਗ ਕਰਨ।