Connect with us

Punjab

ਜਲਦ ਹੀ ਹੋਰ ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤੇ ਜਾਣਗੇ: ਚੇਤਨ ਸਿੰਘ ਜੌੜਾਮਾਜਰਾ

Published

on

ਚੰਡੀਗੜ,

“ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਲੋਕਾਂ ਲਈ ਘਰ ਦੇ ਨੇੜੇ ਅਤਿ-ਆਧੁਨਿਕ ਸਿਹਤ ਸੇਵਾਵਾਂ ਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਮੁਤਾਬਕ ਛੇਤੀ ਹੀ ਸੂਬੇ ਦੇ ਲੋਕਾਂ ਲਈ ਅਜਿਹੇ ਹੋਰ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ। ’’

ਪੰਜਾਬ ਕਿਸਾਨ ਵਿਕਾਸ ਭਵਨ, ਐਸ.ਏ.ਐਸ.ਨਗਰ ਵਿਖੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ ਡੈਂਟਲ ਕਾਲਜ ਦੇ ਮੈਡੀਕਲ ਅਫਸਰ (ਡੈਂਟਲ) ਲਈ ਸਾਲਾਨਾ ਰੀਓਰੀਅਨਟੇਸ਼ਨ ਸਿਖਲਾਈ ਸੈਸ਼ਨ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਅਜਿਹੇ ਹੋਰ ਕਲੀਨਿਕਾਂ ਦੀ ਸੁਰੂਆਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਕਲੀਨਿਕ ਲੋਕ ਅਰਪਣ ਕੀਤੇ ਜਾਣਗੇ। ਸਿਖਲਾਈ ਪ੍ਰੋਗਰਾਮ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਡਾਕਟਰਾਂ ਲਈ ਅਜਿਹੇ ਓਰੀਐਂਟੇਸ਼ਨ ਪ੍ਰੋਗਰਾਮ ਅਕਸਰ ਕਰਵਾਏ ਜਾਣੇ ਚਾਹੀਦੇ ਹਨ। ਸਿਹਤ ਮੰਤਰੀ ਨੇ ਡੈਂਟਲ ਕੇਡਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਵੰਬਰ ਵਿੱਚ 34ਵਾਂ ਡੈਂਟਲ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਵਿੱਚ ਸਮੂਹ ਮੈਡੀਕਲ (ਡੈਂਟਲ) ਅਫਸਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਸੂਬੇ ਦੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ।

ਇਸ ਟਰੇਨਿੰਗ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਤੋਂ ਬੁਲਾਏ ਗਏ ਪੰਜ ਬੁਲਾਰਿਆਂ ਨੇ ਡੈਂਟਿਸਟ੍ਰੀ ਦੇ ਵੱਖ-ਵੱਖ ਵਿਸ਼ਿਆਂ ਤੇ ਲੈਕਚਰ ਦਿੱਤੇ।ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਡਾ. ਪੂਰਵਾ ਅਰੋੜਾ, ਡਾ. ਗੌਰਵ ਆਹੂਜਾ, ਡਾ. ਰਾਧਿਕਾ ਲੇਖੀ, ਡਾ. ਅੰਕੂਰ ਸ਼ਰਮਾ ਅਤੇ ਡਾ. ਪ੍ਰੀਤ ਸ਼ਰਮਾ ਨੇ ਡੈਂਟਲ ਖੇਤਰ ਦੀਆਂ ਨਵੀਂਆਂ ਤਕਨੀਕਾਂ ਅਤੇ ਖੋਜਾਂ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ। ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਹੈਲਥ ਸਰਵਿਸਜ਼ ਪੰਜਾਬ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪੰਜ ਜ਼ਿਲਿਆਂ ਵਿੱਚ ਡੈਂਟਲ ਇੰਪਲਾਟ ਸੈਂਟਰ ਜਲਦੀ ਹੀ ਖੋਲੇ ਜਾਣਗੇ, ਜਿਥੇ ਆਮ ਜਨਤਾ ਨੂੰ ਡੈਂਟਲ ਇੰਪਲਾਂਟ (ਦੰਦ ਲਗਵਾਉਣ) ਦੀ ਸਹੂਲਤ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਸਮੂਹ ਮੈਡੀਕਲ (ਡੈਂਟਲ) ਅਫਸਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਅਗਲੇ ਵਰੇ ਤੋਂ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸਰਜਰੀ ਕਰਨ ਵਾਲੇ ਮੈਡੀਕਲ (ਡੈਂਟਲ) ਅਫਸਰ ਨੂੰ ਸਲਾਨਾ ਰਿਉਰਿਐਟੇਸ਼ਨ ਟ੍ਰੇਨਿੰਗ ਸ਼ੈਸ਼ਨ ਦੌਰਾਨ 51 ਹਜ਼ਾਰ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਐਮ.ਡੀ (ਪੀ.ਐਚ.ਐਸ.ਸੀ.) ਨੀਲਿਮਾ ਸਿੰਘ, ਡਾਇਰੈਕਟਰ ਹੈਲਥ ਸਰਵਿਸਜ਼ ਪੰਜਾਬ ਡਾ. ਰਣਜੀਤ ਸਿੰਘ, ਡਾਇਰੈਕਟਰ ਫੈਮਲੀ ਵੈਲਫੇਅਰ ਪੰਜਾਬ ਡਾ. ਰਵਿੰਦਰਪਾਲ ਕੌਰ, ਡਿਪਟੀ ਡਾਇਰੈਕਟਰ ਡੈਂਟਲ ਡਾ. ਸੁਰਿੰਦਰ ਮੱਲ ਅਤੇ ਡਿਪਟੀ ਡਾਇਰੈਕਟਰ ਡਾ. ਜਗਦੀਸ਼ ਸਿੰਘ ਤੋਂ ਇਲਾਵਾ ਪੰਜਾਬ ਦੇ ਸਮੂਹ ਜਿਲਿਆਂ ਤੋਂ ਮੈਡੀਕਲ ਅਫਸਰ ਡੈਟਲ ਅਤੇ ਜ਼ਿਲਾ ਡੈਟਲ ਸਿਹਤ ਅਫਸਰ ਮੌਜੂਦ ਸਨ।