Corona Virus
ਮਾਂ ਦਿਵਸ: ਮਾਂ ਆਪਣੀ 2 ਸਾਲਾਂ ਕੋਰੋਨਾ ਪਾਜ਼ੀਟਿਵ ਬੱਚੀ ਦੀ ਦਿਨ ਰਾਤ ਪੂਰੀ ਪੀਪੀਈ ਕਿੱਟ ਪਾ ਕੇ ਕਰ ਰਹੀ ਹੈ ਦੇਖਭਾਲ

ਚੰਡੀਗੜ, 10 ਮਈ : ਕੋਵਿਡ 19 ਦੌਰਾਨ, ਮਾਂ ਦਿਵਸ ਬਹੁਤ ਵਿਸ਼ੇਸ਼ ਹੈ ਕਿਉਂ ਜੋ ਇਸ ਮੌਕੇ 35 ਸਾਲਾ ਔਰਤ ਮੋਨਿਕਾ ਦੀ ਇਕ ਵਿਲੱਖਣ ਕਹਾਣੀ ਸਾਹਮਣੇ ਆਈ ਹੈ। 10 ਸਾਲਾਂ ਦੇ ਦੋ ਪੁੱਤਰਾਂ ਅਤੇ 2 ਸਾਲਾਂ ਦੀ ਇੱਕ ਧੀ ਦੀ ਮਾਂ, ਮੋਨਿਕਾ ਰਾਜਪੁਰਾ ਦੀ ਰਹਿਣ ਵਾਲੀ ਹੈ। ਜਿਸਦੀ ਦੋ ਸਾਲਾ ਧੀ ‘ਨਿਤਾਰਾ’ ਦੋ ਹਫ਼ਤੇ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਉਹਨਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਕਾਂਤਵਾਸ ‘ਚ ਦਾਖਲ ਕਰਵਾਇਆ ਗਿਆ ਸੀ। ਮੋਨਿਕਾ, ਪੀਪੀਈ ਦੀਆਂ ਪੂਰੀਆਂ ਕਿੱਟਾਂ ਪਹਿਨ ਕੇ ਆਪਣੀ ਨੰਨੀ ਧੀ ਦੀ ਦਿਨ ਰਾਤ ਦੇਖਭਾਲ ਕਰ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇੱਕ ਡਾਕਟਰ ਹੀ ਭਲੀਭਾਂਤ ਦੱਸ ਸਕਦਾ ਹੈ ਕਿ ਕੁਝ ਘੰਟਿਆਂ ਲਈ ਵੀ ਇਸ ਕਿਸਮ ਦੇ ਰੱਖਿਆ ਸਮਾਨ ਨਾਲ ਕੰਮ ਕਰਨਾ ਕਿੰਨਾ ਔਖਾ ਹੈ। ਪਰ ਇਸ ਬਹਾਦਰ ਮਾਂ ਨੇ 2 ਹਫਤਿਆਂ ਤੋਂ ਵੱਧ ਸਮੇਂ ਲਈ ਆਪਣੀ ਧੀ 24 ਘੰਟੇ ਇਹ ਰੱਖਿਆਤਮਕ ਪੌਸ਼ਾਕਪਹਿਨ ਕੇ ਦੇਖਭਾਲ ਕੀਤੀ ਹੈ। ਇਸ ਕਿੱਟ ਨੂੰ 24 ਘੰਟਿਆਂ ਵਿੱਚ ਇੱਕ ਵਾਰ ਬਦਲਣ ਦਾ ਮੌਕਾ ਮਿਲਦਾ ਹੈ। ਉਸਨੇ ਟੈਲੀਫੋਨਿਕ ਤੇ ਗਲਬਾਤ ਕਰਦਿਆਂ ਇਹ ਸਵੀਕਾਰਿਆ ਹੈ ਕਿ ਉਸਨੂੰ ਪਸੀਨਾ ਆਉਣਾ, ਅੱਖਾਂ ਦੇ ਸੁਰੱਖਿਆ ਉਪਕਰਣ ਦਾ ਧੁੰਦਲਾ ਹੋਣਾ, ਚਿਹਰੇ ਦੇ ਮਾਸਕ ਦੇ ਦੁਆਲੇ ਤਣੀਆਂ ਦੀ ਖਿੱਚ ਜਾਂ ਦਬਾਅ ਆਦਿ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਇਸ ਬਹਾਦਰ ਤੇ ਵੱਡੇ ਜੇਰੇ ਵਾਲੀ ਮਾਂ ਨੂੰ ਮਾਂ ਦਿਵਸ ‘ਤੇ ਨਮਸਕਾਰ ਕਰਦੀ ਹੈ।